ਸ੍ਰੀ ਚਮਕੌਰ ਸਾਹਿਬ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਸਤਲਜੁ ਦਰਿਆ ‘ਤੇ 114 ਕਰੋੜ ਰੁਪਏ ਦੀ ਲਾਗਤ ਵਾਲੇ ਬੇਲਾ-ਪਨਿਆਲੀ ਪੁਲ ਤੇ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਲਈ ਨਿੱਜੀ ਤੌਰ ‘ਤੇ ਮੁੱਖ ਮੰਤਰੀ ਬਨਣ ਨਾਲੋ ਵੀ ਵੱਡਾ ਦਿਨ ਹੈ ਕਿਉਂਕਿ ਇਹ ਪੁਲ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੁਲੱਣਗੇ।ਇਸ ਇਲਾਕੇ ਵਿਚ ਉਦਯੋਗ ਲੱਗਣਗੇ ਅਤੇ ਲੋਕਾਂ ਲਈ ਵਪਾਰ ਦੇ ਦਰਵਾਜੇ ਖੁੱਲਣ ਨਾਲ ਆਰਥਿਕ ਖੁਸ਼ਹਾਲੀ ਆਵੇਗੀ।ਇਸ ਪੁਲ ਦੇ ਨਿਰਮਾਣ ਅਤੇ ਬੇਲਾ ਤੋਂ ਪਨਿਆਲੀ ਤੱਕ ਨਵੀਂ ਲਿੰਕ ਸੜਕ ਦੀ ਉਸਾਰੀ ਨਾਲ ਦੁਆਬੇ ਤੋਂ ਚੰਡੀਗੜ੍ਹ ਦੀ ਦੂਰੀ 20-25 ਕਿਲੋਮੀਟਰ ਘੱਟ ਜਾਵੇਗੀ।  


ਮੁੱਖ ਮੰਤਰੀ ਨੇ ਦੱਸਿਆ ਕਿ ਸੱਤਲੁਜ ਦਰਿਆ ਉੱਤੇ ਬਨਣ ਵਾਲਾ ਇਹ ਪੁਲ 12 ਮੀਟਰ ਚੌੜਾ ਅਤੇ 1188 ਮੀਟਰ ਲੰਬਾ ਅਤੇ ਇਸ ਦੇ ਨਾਲ ਹੀ ਬਿਸਤ-ਦੁਆਬ ਨਹਿਰ ਉੱਤੇ 42 ਮੀਟਰ ਲੰਬਾ ਇੱਕ ਹੋਰ ਪੁਲ ਬਣੇਗਾ, ਜਿਸ ‘ਤੇ 10 ਕਰੋੜ ਰੁਪਏ ਖਰਚ ਆਵੇਗਾ।ਮੁੱਖ ਮੰਤਰੀ ਅੱਗੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੇ ਤਿੰਨ ਸ਼ਹਿਰਾਂ ਸ਼੍ਰੀ ਫਤਿਹਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਨਾਲ ਜੋੜਨ ਇਸ ਵਾਲੀ ਸੜਕ ਦਾ ਨਾਮ ਮਾਤਾ ਗੁਜਰ ਕੌਰ ਮਾਰਗ ਹੋਵੇਗਾ।


ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਮੀਨ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਅਗਲੇ 6 ਮਹੀਨੇ ਦੇ ਅੰਦਰ ਅੰਦਰ ਪੁੱਲ ਦਾ ਢਾਂਚਾ ਖੜਾ ਕਰ ਲਿਆ ਜਾਵੇਗਾ ਅਤੇ ਡੇਢ ਸਾਲ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਖੀ ਸਿੱਖਿਆ ਪ੍ਰਦਾਨ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਵਿਖੇ ਇਸ ਮਾਰਗ ਉਪਰ 500 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵੀ ਉਸਾਰੀ ਅਧੀਨ ਹੈ, ਜਿਸ ਦੀ ਪਹਿਲੀ ਬਿਲਡਿੰਗ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ।


ਇਸ ਪ੍ਰੋਜੈਕਟ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਹਰਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਕੈਬਨਿਟ ਮੰਤਰੀ ਸਨ ਉਦੋਂ ਤੋਂ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਪੁਲ ਅਤੇ ਸੜਕ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਬਹੁਤ ਮੱਦਦ ਕੀਤੀ ਹੈ।