ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ, ਜਿੱਥੇ ਉਨਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਕੈਬਨਿਟ ਮੰਤਰੀ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ 'ਚ ਅੱਜ ਇਹ ਪਹਿਲੀ ਤੇ ਨਿੱਜੀ ਫੇਰੀ ਸੀ, ਹਾਲਾਂਕਿ ਮੁੱਖ ਮੰਤਰੀ ਬਣਨ ਤੋਂ ਪਹਿਲਾ ਚੰਨੀ ਡੇਰਾ ਬਿਆਸ ਆਉਂਦੇ ਰਹੇ ਹਨ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਚੌਪਰ ਰਾਹੀਂ ਕਰੀਬ 11:15 ਡੇਰੇ ਅੰਦਰ ਬਣੇ ਹੈਲੀਪੈਡ 'ਤੇ ਉਤਰੇ ਤੇ ਇੱਥੋਂ ਸਿੱਧਾ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਨ ਲਈ ਉਨਾਂ ਦੀ ਰਿਹਾਇਸ਼ 'ਤੇ ਪੁੱਜੇ।
ਮੁੱਖ ਮੰਤਰੀ ਕਰੀਬ ਪੌਣੇ ਦੋ ਘੰਟੇ ਡੇਰੇ ਅੰਦਰ ਰਹੇ ਤੇ 1 ਵਜੇ ਉਹ ਚੌਪਰ 'ਤੇ ਵਾਪਸ ਰਵਾਨਾ ਹੋ ਗਏ। ਸੀਐਮ ਦੀ ਇਸ ਫੇਰੀ ਨੂੰ ਪੂਰੀ ਤਰਾਂ ਨਿੱਜੀ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਨਾਲ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ, ਡਿਪਟੀ ਸੀਐਮ ਓਪੀ ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕਲ ਬਾਡੀਜ ਮੰਤਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਗੁਰਜੀਤ ਸਿੰਘ ਆਦਿ ਸਮੇਤ ਪ੍ਰਸ਼ਾਸਨਿਕ ਉਚ ਅਧਿਕਾਰੀ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਲਗਾਤਾਰ ਸਰਗਰਮ ਹਨ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਸਿਆਸਤ ਤੋਂ ਦੂਰ ਹੀ ਰਹਿੰਦੇ ਤੇ ਕਈ ਡੇਰਿਆਂ ਵਾਂਗ ਚੋਣਾਂ ਮੌਕੇ ਕਿਸੇ ਵੀ ਪਾਰਟੀ ਦੀ ਮਦਦ ਦਾ ਐਲਾਨ ਨਹੀਂ ਕਰਦਾ ਹੈ।ਪਰ ਫਿਰ ਵੀ ਸਾਰੀਆਂ ਹੀ ਸਿਆਸੀ ਪਾਰਟੀ ਦੀ ਚੋਟੀ ਦੀ ਲੀਡਰਸ਼ਿੱਪ ਇਥੇ ਪੁੱਜਦੀ ਰਹੀ ਹੈ। ਵਿਧਾਨ ਸਭਾ ਚੋਣਾਂ ਭਾਵੇਂ ਹੁਣ ਬਹੁਤੀ ਦੂਰ ਨਹੀਂ ਰਹੀਆਂ ਪਰ ਸੀਐਮ ਚੰਨੀ ਦੀ ਇਹ ਫੇਰੀ ਕਾਫੀ ਅਹਿਮ ਮੰਨੀ ਜਾ ਰਹੀ ਹੈ।