ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਅਖੀਰਲੇ ਦਿਨ ਨੂੰ ਸੂਬਾ ਪੱਧਰੀ ਵਣ ਮਹੋਤਸਵ ਸਮਾਗਮ ਲੇਖੇ ਲਾਉਣਾ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚੰਡੀਗੜ੍ਹ ਤੋਂ ਮੋਹਾਲੀ ਦੀ ਛੋਟੀ ਦੂਰੀ ਦੇ ਦੌਰਿਆਂ ਤੋਂ ਲੈਕੇ ਪੰਜਾਬ ਦੇ ਕਈ ਵੱਡੀ ਦੂਰੀ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨਾ ਵੀ ਰੱਦ ਕਰ ਚੁੱਕੇ ਹਨ। ਹਰ ਵਾਰ ਕੈਪਟਨ ਪੋਸਟਰਾਂ 'ਤੇ ਆਪਣੀ ਫ਼ੋਟੋਆਂ ਛਪਾ ਦਿੰਦੇ ਹਨ ਪਰ ਫਰਲੋ ਮਾਰ ਜਾਂਦੇ ਹਨ। ਅੱਜ ਵੀ ਮੁੱਖ ਮੰਤਰੀ ਦੀ ਥਾਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਅਨਾਜ ਮੰਡੀ ਵਿੱਚ 69ਵਾਂ ਸੂਬਾ ਪੱਧਰੀ ਵਣ ਮਹੋਤਸਵ ਸਮਾਗਮ ਵਿੱਚ ਸ਼ਿਰਕਤ ਕੀਤੀ। ਧਰਮਸੋਤ ਨੇ 'ਆਪ' ਆਗੂ ਸੁਖਪਾਲ ਖਹਿਰਾ ਦਾ ਅਸਿੱਧੇ ਤੌਰ 'ਤੇ ਸਵਾਗਤ ਕੀਤਾ।

ਖਹਿਰਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ 'ਤੇ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਸਮੁੰਦਰ ਦੀ ਤਰਾਂ ਹੈ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਜਾਂ ਬਾਹਰ ਜਾ ਸਕਦਾ ਹੈ ਲੇਕਿਨ ਪਾਰਟੀ ਵਿੱਚ ਰਹਿਣਾ ਹੈ ਤਾਂ ਅਨੁਸ਼ਾਸ਼ਨ ਜਰੂਰੀ ਹੈ। ਜੰਗਲਾਤ ਤੇ ਜੰਗਲੀ ਜੀਵ ਮੰਤਰੀ ਧਰਮਸੋਤ ਨੇ ਇੱਕ ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਨੇਚਰ ਪਾਰਕ ਦਾ ਬੂਟੇ ਲਗਾ ਉਦਘਾਟਨ ਕੀਤਾ ਤੇ ਬਾਅਦ ਵਿੱਚ ਅਨਾਜ ਮੰਡੀ 'ਚ ਕਰਵਾਏ ਜਾ ਰਹੇ ਸਮਾਗਮ ਵਿੱਚ ਪਹੁੰਚੇ ਕੇ ਲੋਕਾਂ ਨੂੰ ਫਲਦਾਰ, ਛਾਂਦਾਰ ਤੇ ਚੰਦਨ ਦੇ ਬੂਟੇ ਮੁਫ਼ਤ ਤਕਸੀਮ ਕੀਤੇ।

ਧਰਮਸੋਤ ਨੇ ਜੰਗਲਾਤ ਵਿਭਾਗ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜੰਗਲ ਤੇ ਜੰਗਲੀ ਜੀਵਾਂ ਨੂੰ ਤਸਕਰਾਂ ਤੋਂ ਬਚਾਉਣ ਲਈ ਡਰੋਨ ਲਾਂਚ ਕੀਤੇ। ਮੰਤਰੀ ਨੇ ਕਿਹਾ ਕਿ ਪੱਕੇ ਰਸਤਿਆਂ ਦੀ ਘਾਟ ਕਾਰਨ ਹੁਣ ਅਜਿਹੇ ਇਲਾਕਿਆਂ ਵਿੱਚ ਡਰੋਨ ਰਾਹੀਂ ਕਈ-ਕਈ ਕਿਲੋਮੀਟਰ ਨਜ਼ਰ ਰੱਖੀ ਜਾਵੇਗੀ।



ਮੰਤਰੀ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੀ ਤਬੀਅਤ ਖ਼ਰਾਬ ਹੋਣ ਕਾਰਨ ਤੇ ਖ਼ਰਾਬ ਮੌਸਮ ਕਾਰਨ ਮੁੱਖ ਮੰਤਰੀ ਦਾ ਜਹਾਜ਼ ਉਡਾਣ ਨਹੀਂ ਭਰ ਸਕਿਆ। ਮੰਤਰੀ ਨੇ ਕਿਹਾ ਕਿ ਪੰਜ ਹਜ਼ਾਰ ਏਕੜ ਜ਼ਮੀਨ ਤੋਂ ਕਬਜ਼ੇ ਹਟਵਾ ਕੇ ਬੂਟੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪੰਚਾਇਤ ਦਸ ਏਕੜ ਜ਼ਮੀਨ ਦੇਵੇ ਤਾਂ ਜੰਗਲਾਤ ਵਿਭਾਗ ਉਸ 'ਤੇ ਬੂਟੇ ਲਗਾ ਕੇ ਦੋ ਸਾਲ ਪਾਲੇਗਾ ਤੇ ਫਿਰ ਪੰਚਾਇਤ ਹਵਾਲੇ ਦੇਵੇਗਾ।