ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਪਿਕਅੱਪ (ਛੋਟੀ ਟਰਾਲੀ) ਨਾਲ ਟਕਰਾਉਣ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ 15 ਦੁਕਾਨਾਂ ਅਤੇ 4 ਘਰ ਸੜ ਗਏ। ਇਸ ਵਿੱਚ 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਲਗਭਗ 30 ਲੋਕ ਸੜ ਗਏ ਹਨ। ਜ਼ਖਮੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ 30% ਤੋਂ 80% ਸੜ ਗਏ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਦੇਰ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।

ਸ਼ੁਰੂਆਤੀ ਜਾਣਕਾਰੀ ਮੁਤਾਬਕ, ਪਿਕਅੱਪ ਸਿੱਧਾ ਐਲਪੀਜੀ ਟੈਂਕਰ ਦੇ ਹੇਠਾਂ ਲਗਾਏ ਗਏ ਨੋਜ਼ਲਾਂ ਨਾਲ ਟਕਰਾ ਗਿਆ। ਇਸ ਨਾਲ ਗੈਸ ਰੋਕਣ ਲਈ ਲਗਾਏ ਗਏ ਨੋਜ਼ਲਾਂ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਗੈਸ ਲੀਕ ਹੋ ਗਈ ਅਤੇ ਇਸ ਵਿੱਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਿਕਅੱਪ ਬੁਰੀ ਤਰ੍ਹਾਂ ਸੜ ਗਿਆ।

ਅੱਗ ਵਿੱਚ ਝੁਲਸੇ ਗੁਰਮੁਖ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਟੈਂਕਰ ਪਲਟਿਆ, ਇੰਨਾ ਜ਼ੋਰਦਾਰ ਧਮਾਕਾ ਹੋਇਆ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਟੈਂਕਰ ਵਿੱਚੋਂ ਤੇਜ਼ੀ ਨਾਲ ਗੈਸ ਲੀਕ ਹੋਣ ਲੱਗੀ ਤੇ ਲੋਕਾਂ ਨੂੰ ਕੁਝ ਸਮਝ ਆਉਣ ਤੋਂ ਪਹਿਲਾਂ ਹੀ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਇਸ ਨੇ ਕੁਝ ਸਕਿੰਟਾਂ ਵਿੱਚ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੇਰੇ ਪਰਿਵਾਰ ਦੇ 6 ਝੁਲਸ ਗਏ।