Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ 'ਚ ਨਮੀ ਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ 'ਚ ਜੋ ਕੱਟ ਲਾਇਆ ਗਿਆ ਹੈ, ਉਸ ਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ। 


ਸੀਐਮ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਹਰ ਮੁਸ਼ਕਲ ਸਮੇਂ 'ਚ ਨਾਲ ਖੜ੍ਹੇ ਹਾਂ।










ਦੱਸ ਦਈਏ ਕਿ ਮੌਸਮ ਦੇ ਕਹਿਰ ਮਗਰੋਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਮਾਪਦੰਡਾਂ ’ਤੇ ਖ਼ਰੀ ਨਾ ਉੱਤਰਨ ਵਾਲੀ ਫ਼ਸਲ ਦੇ ਮੁੱਲ ਵਿੱਚ ਕਟੌਤੀ ਦੀ ਸ਼ਰਤ ਲਾ ਦਿੱਤੀ ਹੈ। ਨੁਕਸਾਨੀ ਫ਼ਸਲ ਦੇ ਮੁੱਲ ’ਚ 5.31 ਰੁਪਏ ਤੋਂ 31.87 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਹੋਵੇਗੀ। ਉਂਝ ਕੇਂਦਰ ਸਰਕਾਰ ਨੇ ਕਣਕ ਦੀ ਖ਼ਰੀਦ ਲਈ ਕੇਂਦਰੀ ਮਾਪਦੰਡਾਂ ’ਚ ਕੁਝ ਢਿੱਲ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕਣਕ ਦੀ ਫ਼ਸਲ ਦੇ ਮੁੱਲ ’ਚ ਕਟੌਤੀ ਨਾਲ ਕਿਸਾਨੀ ਨੂੰ ਕਰੀਬ 350 ਕਰੋੜ ਰੁਪਏ ਤੱਕ ਦਾ ਰਗੜਾ ਲੱਗਣ ਦੀ ਸੰਭਾਵਨਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫ਼ਸਲ ਪ੍ਰਭਾਵਿਤ ਹੋਈ ਹੈ ਤੇ ਇਹ ਫ਼ਸਲ ਸੁੰਗੜੀ ਵੀ ਹੈ, ਦਾਣੇ ਵੀ ਟੁੱਟੇ ਹਨ ਤੇ ਫ਼ਸਲ ਬਦਰੰਗ ਵੀ ਹੋਈ ਹੈ।


ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਤਰ੍ਹਾਂ ਦੀ ਕਟੌਤੀ ਪ੍ਰਤੀ ਕੁਇੰਟਲ 37.18 ਰੁਪਏ ਬਣਦੀ ਹੈ। ਸਮੁੱਚੀ ਫ਼ਸਲ ਕਟੌਤੀ ਫ਼ਾਰਮੂਲੇ ਵਿੱਚ ਆਉਂਦੀ ਹੈ ਤਾਂ ਕਿਸਾਨੀ ਨੂੰ 350 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਕਟੌਤੀ ਨੂੰ 50 ਫ਼ੀਸਦੀ ਵੀ ਘਟਾ ਲਿਆ ਜਾਵੇ ਤਾਂ ਵੀ ਇਹ ਨੁਕਸਾਨ 200 ਕਰੋੜ ਤੋਂ ਉਪਰ ਦਾ ਹੋਵੇਗਾ।


ਦੱਸ ਦਈਏ ਕਿ ਬੇਮੌਸਮੀ ਬਾਰਸ਼ ਤੇ ਝੱਖੜ ਕਾਰਨ ਸੂਬੇ ਭਰ ਵਿੱਚ 14.57 ਲੱਖ ਹੈਕਟੇਅਰ ਫ਼ਸਲ ਨੁਕਸਾਨੀ ਗਈ ਹੈ। ਕੇਂਦਰ ਸਰਕਾਰ ਅਨੁਸਾਰ ਕਣਕ ਦੇ 6 ਫ਼ੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖ਼ਰੀਦ ਕਰਨ ਦੇ ਮਾਪਦੰਡ ਹਨ ਪਰ ਹੁਣ ਸਰਕਾਰ ਨੇ 6 ਤੋਂ 18 ਫ਼ੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣੇ ਵਾਲੀ ਫ਼ਸਲ ਦੀ ਖ਼ਰੀਦ ਕਟੌਤੀ ਸ਼ਰਤਾਂ ਸਮੇਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।