Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਫਾਜ਼ਿਲਕਾ ਵਿੱਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ 77 ਸਾਲ ਬਾਅਦ ਬੱਲੂਆਣਾ ਵਿੱਚ ਬਣੇ ਸਰਕਾਰੀ ਕਾਲਜ ਤੇ ਅਬੋਹਰ ਵਿੱਚ ਬਣੇ ਵਾਟਰ ਵਰਕਸ ਪ੍ਰਾਜੈਕਟ ਨੂੰ ਲੋਕਾਂ ਨੂੰ ਸਮਰਪਿਤ ਕੀਤਾ।  ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿੱਚ ਇੰਨੀ ਦੇਰੀ ਇਸ ਲਈ ਹੋਈ ਕਿਉਂਕਿ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਥੇ ਤਾਂ ਆਹ ਹੀ ਚੱਲੀ ਗਿਆ, ਜੀਜਾ ਸਾਲਾ-ਘਾਲਾ-ਮਾਲਾ, ਪਰ ਕੁਦਰਤ ਬਹੁਤ ਬਲਵਾਨ ਹੈ, ਅੱਜਕੱਲ੍ਹ ਤੁਸੀਂ ਇਸ ਨੂੰ ਟੀਵੀ 'ਤੇ ਦੇਖ ਰਹੇ ਹੋਵੋਗੇ, ਸਮਾਂ ਰਾਜਿਆਂ ਤੋਂ ਭੀਖ ਮੰਗਦਾ ਹੈ। ਸਮਾਂ ਭਿਖਾਰੀਆਂ ਦੇ ਸਿਰ 'ਤੇ ਤਾਜ ਟਿਕਾ ਦਿੰਦਾ ਹੈ। ਰੱਬ ਤੋਂ ਡਰੀਏ, ਜੇ ਚੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਪਾਉਂਦੇ ਪਰ ਚੱਜ ਦੇ ਕੰਮ ਕੀਤੇ ਹੀ ਨਹੀਂ।






ਇਹ ਤਾਂ ਲੋਕਾਂ ਨੂੰ ਟਿੱਚ ਸਮਝਦੇ ਸਨ, ਲੋਕ ਪੰਜ ਸਾਲ ਚੁੱਪ ਰਹਿਣ, 10 ਸਾਲ ਜ਼ੁਬਾਨ ਉੱਤੇ ਤਾਲਾ ਲਾ ਕੇ ਰੱਖ ਲੈਣ, ਦਿਲ ਉੱਤੇ ਪੱਥਰ ਰੱਖ ਲੈਣ 15 ਸਾਲ ਤੇ ਘੁੱਟ-ਘੁੱਟ ਕੇ ਜੀਅ ਲੈਣ 20 ਸਾਲ, ਪਰ ਜਦੋਂ 20 ਸਾਲਾਂ ਬਾਅਦ ਜਦੋਂ ਜਨਤਾ ਜਾਗਦੀ ਹੈ ਤਾਂ ਵੀਹ ਮਿੰਟਾਂ 'ਚ ਸਾਰਾ ਹਿਸਾਬ ਕਿਤਾਬ ਲੈ ਲੈਂਦੀ ਹੈ।


ਅਬੋਹਰ ਵਿੱਚ ਕੀਤਾ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ 


ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਅਬੋਹਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਹੁਣ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਪੀਣ ਲਈ ਸਾਫ਼ ਅਤੇ ਸ਼ੁੱਧ ਪਾਣੀ ਮਿਲੇਗਾ।  ਪਹਿਲਾਂ ਸ਼ਹਿਰ ਦੀ ਕਰੀਬ 2 ਲੱਖ ਆਬਾਦੀ ਨੂੰ ਸਿਰਫ਼ 5 ਐੱਮਜੀਡੀ ਪਾਣੀ ਮਿਲਦਾ ਸੀ, ਜੋ ਬਹੁਤ ਘੱਟ ਸੀ। ਹੁਣ ਵਾਟਰ ਵਰਕਸ ਤੋਂ ਸ਼ਹਿਰ 'ਚ ਵਿਛਾਈ ਪਾਈਪ ਲਾਈਨ ਨੂੰ 98 ਕਿਲੋਮੀਟਰ ਤੋਂ ਵਧਾ ਕੇ 250 ਕਿਲੋਮੀਟਰ ਕੀਤਾ ਗਿਆ, ਤਾਂ ਜੋ ਇਲਾਕੇ ਦਾ ਕੋਈ ਵੀ ਘਰ ਪੀਣ ਵਾਲੇ ਪਾਣੀ ਤੋਂ ਵਾਂਝਾ ਨਾ ਰਹੇ। ਸਾਡੀ ਸਰਕਾਰ ਪੰਜਾਬ ਵਾਸੀਆਂ ਨੂੰ ਸੁੱਖ-ਸਹੂਲਤਾਂ ਦੇਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ, ਫਿਰ ਚਾਹੇ ਉਹ ਵਾਟਰ ਟਰੀਟਮੈਂਟ ਪਲਾਂਟ, ਮੁਫ਼ਤ ਬਿਜਲੀ, ਪਾਣੀ, ਸ਼ਾਨਦਾਰ ਸਕੂਲ ਜਾਂ ਹਸਪਤਾਲ ਕਿਉਂ ਨਾ ਹੋਣ।



ਬੱਲੂਆਣਾ 'ਚ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ


ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਸੁਖਚੈਨ ਵਿਖੇ 15.38 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ।  ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਕਾਲਜ ਦੀ ਸਥਾਪਨਾ ਨਾਲ ਜਿੱਥੇ ਇਲਾਕੇ ਦੇ ਧੀਆਂ ਨੂੰ ਫ਼ਾਇਦਾ ਹੋਵੇਗਾ ਉੱਥੇ ਹੀ ਸਰਹੱਦੀ ਖੇਤਰ ਦੇ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਸਕਣਗੇ। ਸਾਡੇ ਬੱਚੇ-ਬੱਚੀਆਂ ਇਸ ਕਾਲਜ ਤੋਂ ਨਾ ਸਿਰਫ਼ ਜ਼ਿੰਦਗੀ ਦੀ ਬਿਹਤਰੀ ਲਈ ਸੰਜੋਏ ਸੁਪਨਿਆਂ ਨੂੰ ਪੂਰਾ ਕਰਨਗੇ ਬਲਕਿ ਨਵੀਆਂ ਪੁਲਾਂਘਾਂ ਪੁੱਟ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ 'ਤੇ ਸਾਡਾ ਪੂਰਾ ਜ਼ੋਰ ਹੈ। ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਹੋਰ ਨਵੇਂ ਸ਼ਾਨਦਾਰ ਸਕੂਲ ਅਤੇ ਕਾਲਜ ਦੇਖਣ ਨੂੰ ਮਿਲਣਗੇ। ਸਿੱਖਿਆ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣੀ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਾਡੀ ਮੁੱਖ ਤਰਜੀਹ ਹੈ।