Punjab News: ਚੰਡੀਗੜ੍ਹ ਵਿੱਚ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਵਿਦੇਸ਼ਾਂ ਵਿੱਚ ਰੋਜ਼ਗਾਰ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਨੌਕਰੀ ਕਰਨ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਏਸੇ ਕਰਕੇ ਵਤਨ ਵਾਪਸੀ ਕਰ ਰਹੇ ਹਨ ਕਿਉਂਕਿ ਹੁਣ ਪੰਜਾਬ ਵਿੱਚ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। 

 ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅਜਿਹੇ ਲੀਡਰਾਂ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਰਹੀ ਜਿਨ੍ਹਾਂ ਨੇ ਸਿਸਟਮ ਦਾ ਭੱਠਾ ਬਿਠਾ ਦਿੱਤਾ। 

 ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਆਮ ਲੋਕ ਹੀ ਸਿਰਜਦੇ ਹਨ ਅਤੇ ਪੰਜਾਬੀਆਂ ਨੇ ਵੀ ਆਮ ਘਰਾਂ ਦੇ ਨੌਜਵਾਨਾਂ ਨੂੰ ਸੱਤਾ ਸੌਂਪ ਕੇ ਸੂਬੇ ਵਿੱਚ ਵੱਡਾ ਬਦਲਾਅ ਲਿਆਂਦਾ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਰਗੇ ਸਧਾਰਨ ਲੀਡਰ ਨੇ ਲੰਬੀ ਹਲਕੇ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ।

ਫੁੱਟ ਦਾ ਸ਼ਿਕਾਰ ਹੋਏ ਸ਼੍ਰੋਮਣੀ ਅਕਾਲੀ ਦਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ ਪਰ ਇਸ ਵੇਲੇ ਉਸ ਦੀ ਹਾਲਾਤ ਏਨੀ ਹਾਸੋਹੀਣੀ ਹਨ ਕਿ ਉਸ ਤੋਂ ਹੁਣ 25 ਲੀਡਰ ਵੀ ਇਕੱਠੇ ਨਹੀਂ ਹੋ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਾਸ਼ੀਏ ਉਤੇ ਧੱਕੇ ਗਏ ਅਕਾਲੀ ਲੀਡਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਮੁਆਫੀ ਮੰਗ ਰਹੇ ਹਨ ਪਰ ਕੀਤੇ ਹੋਏ ਗੁਨਾਹਾਂ ਦਾ ਜ਼ਿਕਰ ਨਹੀਂ ਕਰਦੇ।  

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।