Punjab News: ਪੰਜਾਬ ਸਰਕਾਰ ਲਗਤਾਰਾ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 37 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਹੁਣ ਮਾਨ ਸਰਕਾਰ ਵੱਲੋਂ ਅੱਜ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮਾਨ ਨੇ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਧੀਆਂ ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ ਪੰਜਾਬ ਦੇ ਧੀਆਂ ਪੁੱਤ ਨੌਕਰੀਆਂ ਉੱਤੇ ਲੱਗੇ ਹਨ। ਮਾਨ ਨੇ ਕਿਹਾ ਕਿ ਅਸੀਂ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਛੱਡ ਕੇ ਭੱਜ ਕਿਉਂ ਰਹੇ ਹਾਂ, ਪਰ ਵਿੱਚ ਧਰਤੀ ਦਾ ਕੋਈ ਕਸੂਰ ਨਹੀਂ, ਕੌਮ ਵੀ ਮਿਹਨਤੀ ਹੈ, ਦਰਅਸਲ ਲੋਕ ਇੱਥੋਂ ਸਿਸਟਮ ਕਰਕੇ ਭੱਜਦੇ ਹਨ। ਮਾਨ ਨੇ ਕਿਹਾ ਕਿ ਜਦੋਂ ਇੱਕ ਖ਼ਜ਼ਨਾ ਮੰਤਰੀ ਸਾਢੇ 9 ਸਾਲ ਇਹੀ ਕਹੀ ਜਾਵੇ ਕਿ ਖ਼ਜ਼ਨਾ ਖਾਲੀ ਹੈ ਜੇ ਮੈਂ ਵੀ ਉਸ ਵੇਲੇ ਬੇਰੁਜ਼ਗਾਰ ਹੁੰਦਾ ਤਾਂ ਮੈਂ ਵੀ ਸੋਚਦਾ ਕਿ ਜੇ ਖ਼ਜ਼ਾਨਾ ਮੰਤਰੀ ਹੀ ਕਹਿ ਰਿਹਾ ਹੈ ਕਿ ਖ਼ਜ਼ਾਨਾ ਖਾਲੀ ਹੈ ਕਿ ਚਲੋ ਕਿਤੇ ਹੋਰ ਜਾਇਆ ਜਾਵੇ।
ਮਾਨ ਨੇ ਕਿਹਾ ਕਿ ਅਸਲ ਵਿੱਚ ਖ਼ਜ਼ਾਨਾ ਖਾਲੀ ਨਹੀਂ ਸੀ ਅਸਲ ਵਿੱਚ ਨੀਅਤ ਖਾਲੀ ਸੀ, ਪੈਸੇ ਲੋਕਾਂ ਨੂੰ ਵੰਡਣ ਦੀ ਥਾਂ ਆਪਣੇ ਪਰਿਵਾਰਾਂ ਨੂੰ ਵੀ ਵੰਡਣੇ ਆਉਂਦੇ ਸੀ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਬੈਠਣ ਵਾਲਾ ਅਹੁਦਾ ਨਹੀਂ ਹੁੰਦਾ ਸਗੋਂ ਉਹ ਹੁੰਦਾ ਜੋ ਕਦੇ ਕੁਰਸੀ ਉੱਤੇ ਬੈਠੇ ਨਾ ਸਗੋਂ ਪੰਜਾਬ ਦੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਸੇਵਾ ਕਰੇ
ਭਗਵੰਤ ਮਾਨ ਨੇ ਕਿਹਾ ਕਿ ਬੀਰੋਕੇ ਪਿੰਡ ਦਾ ਇੱਕ ਨੌਜਵਾਨ ਕੈਨੇਡਾ ਚਲਾ ਗਿਆ ਸੀ ਤੇ ਜਦੋਂ ਉਸ ਨੂੰ ਪੰਜਾਬ ਵਿੱਚ ਨੌਕਰੀ ਮਿਲ ਗਈ ਤਾਂ ਉਹ ਕੈਨੇਡਾ ਛੱਡ ਕੇ ਪੰਜਾਬ ਆ ਗਿਆ। ਮਾਨ ਨੇ ਕਿਹਾ ਕਿ ਮੈਂ ਕਿਹਾ ਕਿ ਨੌਜਵਾਨ ਵਾਪਸ ਪੰਜਾਬ ਦੀ ਧਰਤੀ ਉੱਤੇ ਆਉਣਗੇ ਪਰ ਇਸ ਦਾ ਵਿਰੋਧੀ ਮਜ਼ਾਕ ਉਡਾਉਂਦੇ ਸੀ। ਮਾਨ ਨੇ ਕਿਹਾ ਕਿ ਹੁਣ ਤੱਕ ਸਰਕਾਰ 37,934 ਨੌਕਰੀਆਂ ਦੇ ਚੁੱਕੀ ਹੈ।