Punjab News: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 10 ਵਜੇ ਯਾਤਰੀਆਂ ਨਾਲ ਭਰੀ ਇੱਕ ਬੱਸ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ। ਇਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ 'ਤੇ ਪਲਟ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 17 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਬੱਸ ਵਿੱਚ ਕੁੱਲ 39 ਯਾਤਰੀ ਸਨ। ਮ੍ਰਿਤਕਾਂ ਵਿੱਚ ਇੱਕ ਮਾਂ ਅਤੇ ਧੀ ਵੀ ਸ਼ਾਮਲ ਹਨ। 

ਇਸ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਗਰਾ 'ਚ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਨਿਜੀ ਮਿੰਨੀ ਬੱਸ ਅਤੇ ਕਾਰ ਦੀ ਆਪਸੀ ਟੱਕਰ ਹੋਈ ਹੈ ਜਿਸ ਵਿੱਚ ਕਈ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਤੁਰੰਤ ਜ਼ਖ਼ਮੀਆਂ ਦੀ ਮਦਦ ਕਰਨ ਨੂੰ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ।

ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।

ਜ਼ਿਕਰ ਕਰ ਦਈਏ ਕਿ ਇਹ ਹਾਦਸਾ ਦਸੂਹਾ-ਹਾਜੀਪੁਰ ਰੋਡ 'ਤੇ ਅੱਡਾ ਸਗਰਾਂ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕਾਂ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮਦਦ ਲਈ ਦੌੜੇ। ਜ਼ਖਮੀਆਂ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਬਾਅਦ 7 ਤੋਂ ਵੱਧ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਰੈਫਰ ਕੀਤਾ ਗਿਆ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਬੱਸ ਵਿੱਚੋਂ ਕੱਢਣ ਲਈ ਜੇਸੀਬੀ ਦੀ ਵਰਤੋਂ ਕਰਨੀ ਪਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਦਾ ਕਹਿਣਾ ਹੈ ਕਿ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਚਸ਼ਮਦੀਦਾਂ ਅਨੁਸਾਰ ਇਹ ਬੱਸ ਦਸੂਹਾ ਵੱਲ ਜਾ ਰਹੀ ਸੀ। ਜਦੋਂ ਬੱਸ ਬੱਸ ਸਟੈਂਡ ਸਗਰਾਂ ਨੇੜੇ ਪਹੁੰਚੀ ਤਾਂ ਸਿੰਗਲ ਰੋਡ 'ਤੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾਅ ਗਈ। ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਇਸ ਲਈ ਡਰਾਈਵਰ ਇਸ 'ਤੇ ਕਾਬੂ ਨਹੀਂ ਰੱਖ ਸਕਿਆ ਤੇ ਥੋੜ੍ਹੀ ਦੂਰ ਜਾਣ ਤੋਂ ਬਾਅਦ ਬੱਸ ਸੜਕ ਦੇ ਵਿਚਕਾਰ ਪਲਟ ਗਈ।

ਬੱਸ ਦੇ ਪਲਟਣ ਨਾਲ ਇਹ ਸੜਕ 'ਤੇ ਕਈ ਮੀਟਰ ਤੱਕ ਖਿਸਕ ਗਈ। ਇਸ ਦੇ ਨਾਲ ਹੀ ਬੱਸ ਵਿੱਚ ਮੌਜੂਦ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਬੱਸ ਡਿੱਗਣ ਦੀ ਆਵਾਜ਼ ਤੇਜ਼ ਸੀ, ਜਿਸ ਨੂੰ ਸੁਣ ਕੇ ਲੋਕ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਲੋਕਾਂ ਨੇ ਦੱਸਿਆ ਕਿ ਬੱਸ ਦੇ ਅੰਦਰੋਂ ਗੰਭੀਰ ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਣ ਲਈ ਜੇਸੀਬੀ ਮਸ਼ੀਨ ਦੀ ਮਦਦ ਲੈਣੀ ਪਈ। ਨਾਲ ਹੀ ਲਾਸ਼ਾਂ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਕਈ ਲੋਕ ਬੱਸ ਦੇ ਮਲਬੇ ਵਿੱਚ ਫਸੇ ਹੋਏ ਸਨ। ਇਸ ਹਾਦਸੇ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਦੇ ਨਾਲ ਹੀ ਕਾਰ ਵਿੱਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।