Punjab News: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਢ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਰਿਹਾ ਹੀ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਸਵਾਲ ਚੁੱਕਿਆ ਸੀ ਪਰ ਇਸ ਦਾ ਜਵਾਬ ਬਾਦਲ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਹੈ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਭਗਵੰਤ ਮਾਨ ਜੀ, ਤੁਸੀਂ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਵੱਲ ਧਿਆਨ ਦਿਓ, ਨਾ ਕਿ ਮਦਦ ਕਰ ਰਹੀਆਂ ਸੰਸਥਾਵਾਂ ’ਤੇ ਸਵਾਲ ਕਰੋ। ਇਹ ਬੈਂਕ ਖਾਤਾ ਐਸਜੀਪੀਸੀ  ਵੱਲੋਂ 550ਵੇਂ ਪ੍ਰਕਾਸ਼ ਪੁਰਬ ’ਤੇ ਜਾਰੀ ਕੀਤਾ ਗਿਆ ਸੀ, ਜਿਸ ’ਚ ਸਹਿਯੋਗ ਭੇਜਣ ਦੀ ਅਪੀਲ SGPC ਨੇ ਹੀ ਕੀਤੀ ਹੈ। ਹਰ ਗੱਲ ’ਤੇ ਰਾਜਨੀਤੀ ਚੰਗੀ ਨਹੀਂ ਹੁੰਦੀ। ਇਸ ਖਾਤੇ ਨੂੰ ਸੰਗਤ ਤੱਕ ਕੋਈ ਵੀ ਪਹੁੰਚਾ ਸਕਦਾ ਹੈ, ਸਗੋਂ ਤੁਸੀਂ ਵੀ ਇਸ ’ਚ ਮਦਦਗਾਰ ਬਣੋ।






ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉਂ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ..






ਇਹ ਵੀ ਜ਼ਿਕਰ ਕਰ ਦਈਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਉਹ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਜੋ ਵੀ ਯੋਗਦਾਨ ਪਾ ਸਕਦੇ ਹਨ ਜਰੂਰ ਪਾਉਣ। ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਇੱਕ ਹਫ਼ਤੇ ਤੋਂ ਹੜ੍ਹ ਪ੍ਰਭਵਿਤ ਇਲਾਕਿਆਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਡਾਕਟਰੀ ਸੇਵਾਵਾਂ ਤੋਂ ਇਲਾਵਾ ਲੰਗਰ ਸੇਵਾ ਵੀ ਮੁਹੱਈਆ ਕਰਵਾ ਰਹੀ ਹੈ। ਇਸ ਨੇਕ ਕੰਮ ਲਈ ਦਾਨ ਕਰਨ ਦੇ ਇਛੁੱਕ ਆਪਣਾ ਦਾਨ HDFC ਬੈਂਕ ਸ਼੍ਰੀ ਅੰਮ੍ਰਿਤਸਰ ਸਾਹਿਬ, ਖਾਤਾ ਨੰਬਰ 55055013131313, IFSC ਕੋਡ - HDFC-0001313, MICR 143240006 ਰਾਹੀਂ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚ ਭੇਜ ਸਕਦੇ ਹਨ।