Punjab News: ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗੰਵਤ ਮਾਨ ਨੇ ਸਰਕਾਰ ਦੇ ਕੀਤੇ ਕੰਮਾਂ ਦੇ ਸੋਹਲੇ ਗਾਏ। ਹਾਲਾਂਕਿ ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ ਉੱਤੇ ਨਿਸ਼ਾਨਾ ਸਾਧਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਮਾਨ ਨੇ ਇੱਕੋ ਵਾਢੇ ਰਗੜਿਆ।


ਕਿੱਥੇ ਗਏ ਜਾਖੜ ਤੇ ਬਾਜਵਾ ?


ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਏਨਾ ਵੱਡਾ ਝਟਕਾ ਲੱਗਾ ਹੈ ਕਿ ਉਹ ਸਿਆਸੀ ਖੇਤਰ ਵਿੱਚੋਂ ‘ਲਾਪਤਾ’ ਹੀ ਹੋ ਗਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਸਾਫ਼ ਤੌਰ ਉਤੇ ਦੱਸ ਦਿੱਤਾ ਹੈ ਕਿ ਹੁਣ ਸਿਆਸਤ ਵਿੱਚ ਪਰਿਵਾਰਵਾਦ ਲਈ ਕੋਈ ਥਾਂ ਨਹੀਂ ਹੈ ਸਗੋਂ ਆਮ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸਿਆਸਤਦਾਨ ਹੀ ਸੱਤਾ ਦੀਆਂ ਪੌੜੀਆਂ ਚੜ੍ਹ ਸਕਦੇ ਹਨ। 






ਭਾਜਪਾ ਵਾਲੇ ਮੈਨੂੰ ਨਸੀਹਤਾਂ ਦਿੰਦੇ ਨੇ....


ਮੁੱਖ ਮੰਤਰੀ ਨੇ ਕਿਹਾ, “ਭਾਜਪਾ ਵਾਲੇ ਮੈਨੂੰ ਅਮਨ-ਕਾਨੂੰਨ ਦੀਆਂ ਨਸੀਹਤਾਂ ਦਿੰਦੇ ਹਨ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਤਿਉਹਾਰ ਸਾਂਝੇ ਤੌਰ ਉਤੇ ਮਨਾਏ ਜਾਂਦੇ ਹਨ। ਮੇਰੇ ਕਾਰਜਕਾਲ ਦੌਰਾਨ ਇਕ ਦਿਨ ਵੀ ਇੱਥੇ ਕਰਫਿਊ ਨਹੀਂ ਲੱਗਿਆ ਕਿਉਂਕਿ ਸਾਡੀ ਧਰਤੀ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਕਰਕੇ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਕਰਕੇ ਜਾਣਿਆ ਜਾਂਦਾ ਹੈ।”



ਸ਼੍ਰੋਮਣੀ ਅਕਾਲੀ ਦਲ ਉੱਤੇ ਸਾਧਿਆ ਨਿਸ਼ਾਨਾ


ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਥ ਦੇ ਨਾਮ ਉਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੇ ਸੰਸਦ ਵਿੱਚ ਕਦੇ ਵੀ ਪੰਜਾਬ ਦੀ ਗੱਲ ਨਹੀਂ ਕੀਤੀ।  ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਦੇ ਨਾਮ ਉਤੇ ਵੋਟਾਂ ਲੈ ਕੇ ਸੱਤਾ ਦਾ ਸੁਖ ਭੋਗਣ ਵਾਲੀ ਪਾਰਟੀ ਦੇ ਆਗੂ ਸੰਸਦ ਵਿੱਚ ਪੰਜਾਬ ਦੇ ਮਸਲਿਆਂ ਉਤੇ ਮੂਕ ਦਰਸ਼ਕ ਬਣੇ ਰਹੇ।