Delhi Assembly Election: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਿਆਸਤ ਵਿੱਚ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ। ਉਸ ਵੇਲੇ ਉਹ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰ ਰਹੇ ਹਨ। ਭਾਵੇਂ ਡਾ. ਗੁਰਪ੍ਰੀਤ ਕੌਰ ਦਾ ਨਾਮ ਦਿੱਲੀ ਵਿੱਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ, ਪਰ ਉਹ ਫਿਰ ਵੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਸਰਗਰਮ ਹਨ।
ਡਾ. ਗੁਰਪ੍ਰੀਤ ਕੌਰ ਕਈ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਉਹ ਲੋਕਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸ ਕੇ ਪਾਰਟੀ ਨਾਲ ਜੋੜ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਉਮੀਦ ਹੈ ਕਿ ਇਸ ਨਾਲ ਪਾਰਟੀ ਨੂੰ ਫਾਇਦਾ ਹੋਵੇਗਾ ਕਿਉਂਕਿ ਡਾ. ਗੁਰਪ੍ਰੀਤ ਕੌਰ ਹੁਣ ਸਿਆਸਤ ਵਿੱਚ ਕਾਫੀ ਪ੍ਰਪੱਕ ਹੋ ਗਏ ਹਨ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਡਾ. ਗੁਰਪ੍ਰੀਤ ਕੌਰ ਚੋਣ ਪ੍ਰਚਾਰ ਲਈ ਬਾਹਰ ਆਏ ਹਨ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਵੀ ਉਹ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਸਰਗਰਮ ਸਨ। ਇਸ ਤੋਂ ਬਾਅਦ ਜਲੰਧਰ ਲੋਕ ਸਭਾ ਚੋਣਾਂ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਬਣੀਆਂ ਰਹੀਆਂ। ਉਸ ਸਮੇਂ ਮੁੱਖ ਮੰਤਰੀ ਨੇ ਜਲੰਧਰ ਵਿੱਚ ਇੱਕ ਘਰ ਕਿਰਾਏ 'ਤੇ ਲਿਆ ਹੋਇਆ ਸੀ। ਉਸ ਸਮੇਂ ਦੌਰਾਨ ਵੀ ਗੁਰਪ੍ਰੀਤ ਕੌਰ ਨੇ ਚਾਰਜ ਸੰਭਾਲਿਆ ਸੀ। ਉਹ ਖੁਦ ਕੈਂਪ ਹਾਊਸ ਵਿੱਚ ਸ਼ਿਕਾਇਤਾਂ ਸੁਣਦੇ ਸਨ ਤੇ ਪ੍ਰਚਾਰ ਵੀ ਕਰਦੇ ਸਨ। ਪਾਰਟੀ ਨੇ ਚੋਣ ਵੱਡੇ ਫਰਕ ਨਾਲ ਜਿੱਤੀ ਸੀ।
ਹਾਲਾਂਕਿ, ਉਹ ਆਪਣੇ ਗ੍ਰਹਿ ਰਾਜ ਹਰਿਆਣਾ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਦੂਰ ਰਹੇ। ਬੇਸ਼ੱਕ ਡਾ. ਗੁਰਪ੍ਰੀਤ ਕੌਰ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵਜੋਂ ਮੁਹਿੰਮ ਦੀ ਇੰਚਾਰਜ ਹਨ ਪਰ ਪਾਰਟੀ ਵਿੱਚ ਉਨ੍ਹਾਂ ਦਾ ਆਪਣਾ ਇੱਕ ਵੱਖਰਾ ਰੁਤਬਾ ਹੈ। ਜਦੋਂ 2020 ਵਿੱਚ ਚੋਣਾਂ ਹੋਈਆਂ ਸੀ ਤਾਂ ਉਹ ਉੱਥੇ ਇੱਕ ਵਲੰਟੀਅਰ ਵਜੋਂ ਸਰਗਰਮ ਸਨ।
ਜੇਕਰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਦੇ ਆਗੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ। ਉਸ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਗੁਰਮੀਤ ਸਿੰਘ ਮੀਤ ਹੇਅਰ, ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਜੋਤ ਬੈਂਸ, ਹਰਭਾਨ ਸਿੰਘ ਈਟੀਓ, ਡਾ. ਬਲਬੀਰ, ਲਾਲਜੀਤ ਸਿੰਘ ਭੁੱਲਰ, ਤਰਨਪ੍ਰੀਤ ਸਿੰਘ ਸੋਂਧ , ਡਾ. ਰਵਜੋਤ ਸਿੰਘ, ਹਰਦੀਪ ਮੁੰਡੀਆ, ਬਲਜਿੰਦਰ ਕੌਰ ਤੇ ਸ਼ੈਰੀ ਕਲਸੀ ਸ਼ਾਮਲ ਹਨ।