Punjab News:  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 249 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਇਹ ਸਮਾਗਮ ਮਿਉਂਸਪਲ ਭਵਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਵੱਡਾ ਦਾਅਵਾ ਕੀਤਾ ਕਿ ਕੱਲ ਦਾ ਦਿਨ ਪੰਜਾਬ ਲਈ ਇਤਿਹਾਸਿਕ ਹੋਣ ਵਾਲਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ 13 ਸਤੰਬਰ ਦਾ ਦਿਨ ਪੰਜਾਬ ਲਈ ਇਤਿਹਾਸਿਕ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ 117 ਸਕੂਲ ਆਫ਼ ਐਮੀਨੈਂਸ ਚੁਣੇ ਹਨ। ਕੱਲ੍ਹ ਨੂੰ ਪਹਿਲਾ ਸਕੂਲ ਆਫ਼ ਐਮੀਨੈਂਸ ਖੁੱਲ੍ਹਣ ਜਾ ਰਿਹਾ ਹੈ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਹੋਵੇਗਾ।  ਮਾਨ ਨੇ ਕਿਹਾ ਕਿ ਸਕੂਲ ਬਹੁਤ ਸ਼ਾਨਦਾਰ ਹੋ ਜਾਣਗੇ, ਜਿਸ ਤੋਂ ਬਾਅਦ ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣਾ ਹੈ ਜਾਂ ਫਿਰ ਸਰਕਾਰੀ ਸਕੂਲ 'ਚ, ਪਰ ਪ੍ਰਾਈਵੇਟ ਵਿੱਚ ਫੀਸ ਲੱਗੇਗੀ ਤੇ ਇੱਥੇ ਸਾਰੀ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ।






ਮਾਨ ਨੇ ਕਿਹਾ ਕਿ ਅਧਿਆਪਕ ਸਿੰਘਾਪੁਰ, ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਹਨ। ਅਧਿਆਪਕਾਂ ਦੀ ਅਹਿਮਦਾਬਾਦ ਵਿੱਚ ਟ੍ਰੇਨਿੰਗ ਹੋ ਰਹੀ ਹੈ। ਪੰਜਾਬ ਦੇ ਬੱਚੇ ਇਸਰੋ ਵਿੱਚ ਜਾ ਕੇ ਚੰਦਰਯਾਨ-3 ਦੀ ਲਾਂਚਿੰਗ ਦੇਖ ਕੇ ਆਏ ਹਨ। ਮਾਨ ਨੇ ਕਿਹਾ ਕਿ ਇਸਰੋ ਪੰਜਾਬ ਵਿੱਚ ਮਿਊਜ਼ੀਅਮ ਬਣਾਉਣ ਦੀ ਗੱਲ ਕਰ ਰਿਹਾ ਹੈ। ਇਸ ਨਾਲ ਬੱਚਿਆਂ ਦਾ ਵਿਕਾਸ ਹੋਵੇਗਾ ਜੋ ਕਿ ਪੰਜਾਬ ਹੀ ਨਹੀਂ ਸਗੋਂ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  (Bhagwant Mann) ਨੇ ਕਿਹਾ ਸੀ ਕਿ 'ਸਕੂਲ ਆਫ਼ ਐਮੀਨੈਂਸ' ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ 'ਇਨਕਲਾਬੀ' ਕਦਮ ਹੈ। ‘ਸਕੂਲ ਆਫ਼ ਐਮੀਨੈਂਸ’ ਪ੍ਰਾਜੈਕਟ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਦੱਸ ਦਈਏ ਕਿ 'ਸਕੂਲ ਆਫ਼ ਐਮੀਨੈਂਸ' ਪ੍ਰੋਜੈਕਟ ਤਹਿਤ 23 ਜ਼ਿਲ੍ਹਿਆਂ ਦੇ 117 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।