Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis hospital) 'ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਭਗਵੰਤ ਮਾਨ ਦੇ ਬੀਮਾਰ ਹੋਣ ਦਾ ਖ਼ੁਲਾਸਾ ਹੋਇਆ ਸੀ। 


ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਦੇਰ ਰਾਤ CM ਸਾਬ੍ਹ ਨੂੰ ਐਂਰਜੈਂਸੀ ਫੋਰਟਿਸ ਜਾਣਾ ਪਿਆ, ਮਜੀਠੀਆ ਨੇ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਮਜੀਠੀਆ ਨੇ ਕਿਹਾ ਕਿ CM ਦੀ ਸਿਹਤ ਨਾਲ ਖਿਲਵਾੜ ਨਹੀ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ CM ਸੰਵਧਾਨਿਕ ਅਹੁਦੇ ਤੇ ਜਨਤਾ ਦੇ ਨੁਮਾਇੰਦੇ ਹਨ। ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ।



ਜ਼ਿਕਰ ਕਰ ਦਈਏ ਕਿ ਬੀਤੇ ਦਿਨ ਬਠਿੰਡਾ 'ਚ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਜੇ ਮੈਂ ਚੱਲਦੇ ਹੋਏ ਜੁੱਤੀ ਦਾ ਫੀਤਾ ਬੰਨ੍ਹਣ ਲਈ ਵੀ ਬੈਠ ਜਾਵਾਂ  ਤਾਂ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਡਿੱਗ ਗਿਆ ਹੈ। ਮੈਂ ਇਸ ਤਰ੍ਹਾਂ ਨਹੀਂ ਬੈਠਾਂਗਾ, ਮੈਂ ਤੁਹਾਡੀਆਂ ਜੜ੍ਹਾਂ ਵਿੱਚ ਬੈਠਾਂਗਾ। ਸੀਐਮ ਨੇ ਕਿਹਾ ਸੀ ਇਹ ਤੁਹਾਡਾ ਪਿਆਰ ਹੈ। ਉਹ ਮੇਰੇ ਤੋਂ ਨਹੀਂ ਡਰਦੇ, ਉਹ ਤੁਹਾਡੇ ਤੋਂ ਡਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਲੋਕ ਇਸ ਦੇ ਨਾਲ ਹਨ।


ਹਰਿਆਣਾ ਚੋਣਾਂ ਵਿੱਚ ਰੁੱਝੇ ਭਗਵੰਤ ਮਾਨ 


ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿੱਚੋਂ ਇੱਕ ਹਨ। ਉਹ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੋਣਾਂ ਵਿੱਚ ਰੁੱਝੇ ਹੋਏ ਹਨ। ਇਸ ਵਾਰ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਚੋਣ ਲੜ ਰਹੀ ਹੈ। ਸੀਐਮ ਦਾ ਸਹੁਰਾ ਘਰ ਵੀ ਹਰਿਆਣਾ ਦੇ ਪਿਹੋਵਾ ਵਿੱਚ ਹੈ। ਪੰਜਾਬ ਨਾਲ ਲੱਗਦੀਆਂ ਸੀਟਾਂ ਦੀ ਕਮਾਂਡ ਪੂਰੀ ਤਰ੍ਹਾਂ ਉਸ ਦੇ ਹੱਥ ਵਿੱਚ ਹੈ।