ਚੰਡੀਗੜ੍ਹ: ਸ਼ੀਤ ਲਹਿਰ ਤੇ ਕੋਰੇ ਨੇ ਪੰਜਾਬੀਆਂ ਦਾ ਬੁਰਾ ਹਾਲ ਕਰ ਦਿੱਤਾ ਹੈ। ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਰਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਸੂਬੇ ਦਾ ਤਾਪਮਾਨ ਜ਼ੀਰੋ ਦੇ ਕਰੀਬ ਪਹੁੰਚ ਗਿਆ ਹੈ। ਸਵੇਰ ਤੇ ਸ਼ਾਮ ਵੇਲੇ ਠੰਢ ਕਰਕੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਰਦ ਹਵਾਵਾਂ ਕਰਕੇ ਕੰਬਣੀਆਂ ਵਧ ਗਈਆਂ ਹਨ। ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫ਼ੀ ਦਿੱਕਤ ਆ ਰਹੀ ਹੈ। ਸੂਬੇ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਸ਼ਹਿਰ ਹੈ। ਇੱਥੋਂ ਦਾ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਇਹ ਦੂਜੀ ਵਾਰ ਹੈ, ਜਦੋਂ ਸ਼ਹਿਰ ਦਾ ਤਾਪਮਾਨ ਇੱਕ ਡਿਗਰੀ ਤੋਂ ਹੇਠਾਂ ਚਲਾ ਗਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਵੀ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਤਕ ਚਲਾ ਗਿਆ ਸੀ। ਅੰਮ੍ਰਿਤਰ ਹਵਾਈ ਅੱਡੇ ’ਤੇ ਖਰਾਬ ਮੌਸਮ ਕਰਕੇ ਉਡਾਣਾਂ ’ਚ ਵੀ ਕਾਫੀ ਦੇਰੀ ਹੋਈ। ਬਠਿੰਡਾ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਵਿੱਚ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤਕ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ 20 ਤੋਂ 30 ਜਨਵਰੀ ਵਿਚਾਲੇ ਸੂਬੇ ਵਿੱਚ ਫਿਰ ਤੋਂ ਪੱਛਮੀ ਗੜਬੜੀਆਂ ਸਰਗਰਮ ਰਹਿਣਗੀਆਂ। ਦਿਨ ਵੇਲੇ ਬੱਦਲ ਛਾਏ ਰਹਿਣਗੇ ਤੇ ਨਾਲ ਧੂੜ ਭਰੀਆਂ ਹਵਾਵਾਂ ਚੱਲਣਗੀਆਂ। ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ। ਹਾਲਾਂਕਿ 25 ਜਨਵਰੀ ਬਾਅਦ ਮੌਸਮ ਪੂਰਾ ਤਰ੍ਹਾਂ ਸਾਫ ਹੋ ਜਾਏਗਾ। ਪੰਜਾਬ ਦੇ ਸੂਬਿਆਂ ਦਾ ਤਾਪਮਾਨ
ਅੰਮ੍ਰਿਤਸਰ 0.4 ਡਿਗਰੀ ਸੈਲਸੀਅਸ
ਬਠਿੰਡਾ 3.0 ਡਿਗਰੀ ਸੈਲਸੀਅਸ
ਫਿਰੋਜ਼ਪੁਰ 3.0 ਡਿਗਰੀ ਸੈਲਸੀਅਸ
ਜਲੰਧਰ 3.0 ਡਿਗਰੀ ਸੈਲਸੀਅਸ
ਕਪੂਰਥਲਾ 3.0 ਡਿਗਰੀ ਸੈਲਸੀਅਸ
ਲੁਧਿਆਣਾ 4.0 ਡਿਗਰੀ ਸੈਲਸੀਅਸ
ਪਠਾਨਕੋਟ 4.8 ਡਿਗਰੀ ਸੈਲਸੀਅਸ
ਪਟਿਆਲਾ 6.0 ਡਿਗਰੀ ਸੈਲਸੀਅਸ