ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਦੇ ਮੁੱਦੇ 'ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਾਰਾ 10 ਡਿਗਰੀ ਤੋਂ ਥੱਲੇ ਲੁੜਕ ਗਿਆ ਹੈ, ਪਰ ਸਰਕਾਰ ਅਜੇ ਤੱਕ ਅੱਧੇ ਲੋੜਵੰਦ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਨਹੀਂ ਕਰਵਾ ਸਕੀ।
ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਦਸੰਬਰ ਮਹੀਨਾ ਖ਼ਤਮ ਹੋਣ 'ਤੇ ਹੈ ਤੇ ਕੜਾਕੇ ਦੀ ਠੰਢ ਪੈ ਰਹੀ ਹੈ, ਪਰ ਪਹਿਲੀ ਤੋਂ 8ਵੀਂ ਤੱਕ ਸਰਕਾਰੀ ਸਕੂਲਾਂ 'ਚ ਪੜ੍ਹਦੇ ਦਲਿਤ ਤੇ ਗ਼ਰੀਬੀ ਰੇਖਾ ਤੋਂ ਹੇਠਲੇ (ਬੀਪੀਐਲ) ਪਰਿਵਾਰਾਂ ਨਾਲ ਸਬੰਧਤ 43 ਫ਼ੀਸਦੀ ਵਿਦਿਆਰਥੀਆਂ ਨੂੰ ਸਰਦੀਆਂ 'ਚੋਂ ਲੋੜੀਂਦੀਆਂ ਵਰਦੀਆਂ ਵੰਡੀਆਂ ਨਹੀਂ ਜਾ ਸਕੀਆਂ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਔਸਤਨ 57 ਪ੍ਰਤੀਸ਼ਤ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਮਿਲੀਆਂ ਹਨ, ਪਰ ਕਈ ਜ਼ਿਲ੍ਹਿਆਂ ਦੀ ਇਹ ਫ਼ੀਸਦੀ ਦਰ ਬਹੁਤ ਥੱਲੇ ਹੈ, ਮਿਸਾਲ ਵਜੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 78,367 ਲਾਭਪਾਤਰੀ ਵਿਦਿਆਰਥੀਆਂ ਵਿੱਚੋਂ ਸਿਰਫ਼ 17 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਹੀ ਵਰਦੀਆਂ ਨਸੀਬ ਹੋਈਆਂ ਹਨ, ਬਾਕੀ 83 ਪ੍ਰਤੀਸ਼ਤ ਸਰਕਾਰ ਦੀ ਇਸ ਸਹੂਲਤ ਤੋਂ ਅਜੇ ਤੱਕ ਵਾਂਝੇ ਹਨ।
ਬੀਬੀ ਮਾਣੂੰਕੇ ਨੇ ਕਿਹਾ ਕਿ ਪ੍ਰਤੀ ਵਿਦਿਆਰਥੀ 600 ਰੁਪਏ ਵਰਦੀ ਲਈ ਤੈਅ ਰਾਸ਼ੀ ਗ਼ਰੀਬਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਮੰਗ ਕੀਤੀ ਕਿ ਅਫ਼ਸਰਸ਼ਾਹੀ ਤੇ ਸਿਆਸਤਦਾਨ ਆਪਣੇ ਬੱਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਮਹਿੰਗਾਈ ਮੁਤਾਬਕ ਇਸ ਰਾਸ਼ੀ 'ਚ ਵਾਧਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਇੱਕ 'ਡਰੈੱਸ ਕੋਡ' ਲਾਗੂ ਕੀਤਾ ਜਾਵੇ ਤਾਂ ਕਿ ਹਰ ਵਿਦਿਆਰਥੀ ਦੀ ਇੱਕੋ ਜਿਹੀ ਵਰਦੀ ਹੋਵੇ ਤੇ ਸਕੂਲੀ ਵਿਦਿਆਰਥੀਆਂ 'ਚ ਅਮੀਰੀ-ਗ਼ਰੀਬੀ ਦੀ ਮਾਨਸਿਕ ਹੀਣ ਭਾਵਨਾ ਨਾ ਪੈਦਾ ਹੋਵੇ।
ਪੰਜਾਬ ਦਾ ਪਾਰਾ 10 ਡਿਗਰੀ ਤੋਂ ਹੇਠਾਂ, ਵਿਦਿਆਰਥੀ ਅਜੇ ਵੀ ਉਡੀਕ ਰਹੇ ਸਰਦੀ ਦੀ ਵਰਦੀ
ਏਬੀਪੀ ਸਾਂਝਾ
Updated at:
24 Dec 2019 05:36 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਦੇ ਮੁੱਦੇ 'ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਾਰਾ 10 ਡਿਗਰੀ ਤੋਂ ਥੱਲੇ ਲੁੜਕ ਗਿਆ ਹੈ, ਪਰ ਸਰਕਾਰ ਅਜੇ ਤੱਕ ਅੱਧੇ ਲੋੜਵੰਦ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਨਹੀਂ ਕਰਵਾ ਸਕੀ।
- - - - - - - - - Advertisement - - - - - - - - -