ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਦੌਰਾਨ ਉੱਤਰੀ ਭਾਰਤ ਵਿੱਚ ਠੰਢ ਦਾ ਜ਼ੋਰ ਵਧ ਗਿਆ ਹੈ। ਪੰਜਾਬ ਵਿੱਚ ਪਠਾਨਕੋਟ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੋਮਵਾਰ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਪਠਾਨਕੋਟ ਵਿੱਚ ਵੱਧ ਤੋਂ ਵੱਧ 9.9 ਡਿਗਰੀ ਤੇ ਚੰਡੀਗੜ੍ਹ ਵਿੱਚ 11.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਹਿੱਸਿਆਂ ਵਿੱਚ ਤਾਪਮਾਨ 7 ਤੋਂ 11 ਡਿਗਰੀ ਸੈਲੀਸਅਸ ਵਿਚਾਲੇ ਦਰਜ ਕੀਤਾ ਗਿਆ। ਪੰਜਾਬ ਦੇ ਕਈ ਹਿੱਸਿਆਂ ਵਿੱਚ ਸਾਰਾ ਦਿਨ ਧੁੰਦ ਪਈ ਰਹੀ। ਸੰਘਣੀ ਧੁੰਦ ਕਾਰਨ ਚੰਡੀਗੜ੍ਹ ਤੋਂ ਕਈ ਹਵਾਈ ਉਡਾਣਾਂ ਵਿੱਚ ਵਿਘਨ ਪਿਆ।

ਉਧਰ, ਜੰਮੂ-ਕਸ਼ਮੀਰ ਦੇ ਦਰਾਸ ਖੇਤਰ ਵਿੱਚ ਤਾਪਮਾਨ ਜ਼ੀਰੇ ਤੋਂ ਵੀ 27.2 ਡਿਗਰੀ ਸੈਲਸੀਅਸ ਹੇਠਾਂ ਤੱਕ ਪੁੱਜ ਗਿਆ। ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 12.9 ਡਿਗਰੀ ਸੈਲੀਸਅਸ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਬਰਫ਼ਬਾਰੀ ਜਾਰੀ ਹੈ ਜਦਕਿ ਕਿਲੌਂਗ, ਕਲਪਾ, ਮਨਾਲੀ ਤੇ ਕੁਫਰੀ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ਿਮਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 7.3 ਸੈਂਟੀਮੀਟਰ ਬਰਫਬਾਰੀ ਹੋਈ।

ਸੈਲਾਨੀ ਕੇਂਦਰ ਮਨਾਲੀ ਵਿੱਚ ਮਨਫੀ 4.8 ਡਿਗਰੀ, ਕੁਫਰੀ ਵਿੱਚ ਮਨਫੀ 1.2 ਡਿਗਰੀ ਜਦਕਿ ਸ਼ਿਮਲਾ ਵਿੱਚ 0.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਮੌਸਮ ਵਿਭਾਗ ਨੇ ਸੂਬੇ ਵਿੱਚ 19 ਤੋਂ 21 ਦਸੰਬਰ ਤੱਕ ਵਧੇਰੇ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਧੁੰਦ ਛਾਈ ਰਹੀ ਤੇ ਘੱਟੋ-ਘੱਟ ਤਾਪਮਾਨ ਕਰੀਬ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਰਾ ਹੋਰ ਹੇਠਾਂ ਚਲਾ ਗਿਆ ਤੇ ਲੱਦਾਖ ਦਾ ਦਰਾਸ ਇਲਾਕਾ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਮਨਫੀ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਦੌਰਾਨ ਦੋਵੇਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।