ਗਗਨਦੀਪ ਸ਼ਰਮਾ
ਅੰਮ੍ਰਿਤਸਰ: ਦਾੜ੍ਹੀ ਮੁੱਛ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਲਈ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੂੰ ਭਾਰਤੀ ਸਿੰਘ ਖਿਲਾਫ ਲਿਖਤੀ ਸ਼ਿਕਾਇਤ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਜਿਸ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਕਾਨੂੰਨੀ ਰਾਏ ਲੈਣ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ।
ਇਤਰਾਜਯੋਗ ਸ਼ਬਦਾਵਲੀ ਵਰਤੇ ਜਾਣ ਦੀ ਬਕਾਇਦਾ ਸੀਡੀ ਨੱਥੀ ਕਰਕੇ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਪੱਤਰ ਮੁਤਾਬਿਕ, ਭਾਰਤੀ ਸਿੰਘ ਦੀ ਟਿੱਪਣੀ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਤਹਿਤ ਕੀਤੀ ਇਕ ਡੂੰਘੀ ਸਾਜਿਸ਼ ਹੈ।ਭਾਰਤੀ ਸਿੰਘ ਦੀ ਟਿੱਪਣੀ ਨਾਲ ਸਿੱਖ ਹਿਰਦਿਆਂ ਨੂੰ ਢਾਹ ਲੱਗੀ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਐਸਜੀਪੀਸੀ ਵੱਲੋਂ ਸ਼ਿਕਾਇਤ ਮਿਲ ਹੈ। ਇਸ 'ਤੇ ਕਾਨੂੰਨ ਮੁਤਾਬਕ ਵਿਚਾਰ ਤੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਜਾਂਚ ਮਗਰੋਂ ਬਣਦੀ ਕਾਰਵਾਈ ਕਰੇਗੀ।
ਦਰਅਸਲ ਹਾਲ ਹੀ ਵਿੱਚ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਦਾੜ੍ਹੀ ਮੁੱਛਾਂ ਨੂੰ ਲੈ ਕੇ ਕਾਮੇਡੀ ਕਰਦੀ ਨਜ਼ਰ ਆ ਰਹੀ ਸੀ। ਇੱਕ ਟੀਵੀ ਸ਼ੋਅ ਵਿੱਚ ਭਾਰਤੀ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ, ਮੁੱਛ ਕਿਉਂ ਨਹੀਂ ਚਾਹੀਦੀ ? ਦਾੜ੍ਹੀ ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ। ਦੁੱਧ ਪੀਓ ਤੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਸੇਵੀਆਂ ਕਾ ਟੈਸਟ ਆਉਂਦਾ ਹੈ। ਮੇਰੇ ਕਈ ਦੋਸਤਾਂ ਦੇ ਵਿਆਹ ਹੋਏ ਹਨ ਜਿਨ੍ਹਾਂ ਦੇ ਪਤੀਆਂ ਦੀਆਂ ਐਨੀਆਂ ਐਨੀਆਂ ਦਾੜ੍ਹੀਆਂ ਹਨ। ਉਹ ਸਾਰਾ ਦਿਨ ਦਾੜ੍ਹੀ ਵਿੱਚੋਂ ਜੂਆਂ ਕੱਢਦੀਆਂ ਰਹਿੰਦੀਆਂ ਹਨ।
ਭਾਰਤੀ ਦੇ ਇਸ ਬਿਆਨ 'ਤੇ ਬਵਾਲ ਮਚ ਗਿਆ ਹੈ। ਟਵਿਟਰ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਭਾਰਤੀ ਸਿੰਘ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ। ਮਾਮਲਾ ਵਧਦਾ ਦੇਖ ਭਾਰਤੀ ਸਿੰਘ ਨੇ ਬਿਆਨ ਜਾਰੀ ਕਰਕੇ ਆਪਣੇ ਪਾਸਿਓਂ ਪੂਰੀ ਤਸਵੀਰ ਸਾਫ ਕਰ ਦਿੱਤੀ ਹੈ ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਮੁਆਫੀ ਵੀ ਮੰਗ ਲਈ ਹੈ।
ਕਾਮੇਡੀਅਨ ਭਾਰਤੀ ਸਿੰਘ ਨੇ ਮੁਆਫੀ ਮੰਗ ਲਈ ਹੈ। ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਉਹ ਸਿਰਫ ਕਾਮੇਡੀ ਕਰ ਰਹੀ ਸੀ। ਭਾਰਤੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਕਾਮੇਡੀ ਕਰਦੀ ਹਾਂ, ਕਿਸੇ ਦਾ ਦਿਲ ਦੁਖਾਉਣ ਲਈ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਨੂੰ ਆਪਣੀ ਭੈਣ ਸਮਝ ਕੇ ਮੁਆਫ਼ ਕਰ ਦੇਣਾ।