ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਤੇ ਉੱਥੇ ਪੁੱਜੀਆਂ ਸੰਗਤਾਂ ਦਾ ਸਤਿਕਾਰ ਕਰਦੇ ਹਨ, ਜਦਕਿ ਬੀਤੇ ਦਿਨੀਂ ਇੱਕ ਅਖ਼ਬਾਰ ਵਿੱਚ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਦਿੱਲੀ ਵਿਖੇ ਕਿਸਾਨ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਮੇਰੇ ਜਿਸ ਬਿਆਨ ਬਾਰੇ ਪ੍ਰਤੀਕਰਮ ਦਿੱਤਾ ਗਿਆ ਹੈ, ਅਸਲ ਵਿੱਚ ਮੈਂ ਅਜਿਹਾ ਕੁਝ ਆਖਿਆ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਪੱਤਰਕਾਰਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਕਿ ਤੁਸੀਂ ਦਿੱਲੀ ਧਰਨੇ ਵਿੱਚ ਕਦੋਂ ਸ਼ਾਮਲ ਹੋਵੇਗੇ, ਜਿਸ ’ਤੇ ਮੈਂ ਜਵਾਬ ਦਿੱਤਾ ਸੀ ਕਿ ਦਿੱਲੀ ਵਿਖੇ ਬੈਠੇ ਕਿਸਾਨ ਤੇ ਸੰਗਤਾਂ ਸਾਡੇ ਵਿੱਚੋਂ ਹੀ ਹਨ। ਅਸੀਂ ਨਹੀਂ ਚਾਹੁੰਦੇ ਕਿ ਕਿਸਾਨ ਸੰਘਰਸ਼ ਨੂੰ ਰਾਜਸੀ ਰੰਗ ਮਿਲੇ, ਇਸ ਲਈ ਅਸੀਂ ਕਿਸਾਨਾਂ ਦੇ ਪਿੱਛੇ ਚੱਲ ਰਹੇ ਹਾਂ। ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜੋ ਵੀ ਸਾਨੂੰ ਕਹਿਣਗੇ ਅਸੀਂ ਹਰ ਤਰ੍ਹਾਂ ਦੀ ਸੇਵਾ ਲਈ ਤਿਆਰ ਹਾਂ। ਅਸੀਂ ਖੁਦ ਕਿਸਾਨੀ ਨਾਲ ਸਬੰਧਤ ਹਾਂ ਅਤੇ ਕਿਸਾਨਾਂ ਦਾ ਦਰਦ ਸਮਝਦੇ ਹਾਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਇਸ ਬਿਆਨ ਨੂੰ ਇੱਕ ਅਖ਼ਬਾਰ ਵੱਲੋਂ ਗਲਤ ਰੰਗਤ ਦਿੱਤੀ ਗਈ ਹੈ ਜੋ ਸੱਚਾਈ ਹੈ, ਉਹ ਉਸ ਅਖ਼ਬਾਰ ਦੇ ਵੈੱਬ ਚੈਨਲ ’ਤੇ ਵੀਡੀਓ ਦੇ ਰੂਪ ਵਿੱਚ ਉਪਲੱਬਧ ਹੈ। ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਸਾਡੇ ਬਿਠਾਏ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਸਾਡਾ ਸਭ ਦਾ ਸਾਂਝਾ ਸੰਘਰਸ਼ ਹੈ ਤੇ ਸਮੁੱਚੇ ਦੇਸ਼ ਵਾਸੀ ਇਸ ਦਾ ਹਿੱਸਾ ਹਨ। ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਹਾਂ ਅਤੇ ਚੱਲ ਰਹੀਆਂ ਸੇਵਾਵਾਂ ਤੋਂ ਇਲਾਵਾ ਜੇਕਰ ਹੋਰ ਵੀ ਲੋੜ ਪਈ ਤਾਂ ਅਸੀਂ ਆਪਣਾ ਫ਼ਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟਾਂਗੇ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਨਿੱਜੀ ਤੌਰ ’ਤੇ ਮੇਰੇ ਬਿਆਨ ਨੂੰ ਗਲਤ ਤਰ੍ਹਾਂ ਪੇਸ਼ ਕੀਤੇ ਜਾਣ ਦਾ ਦੁੱਖ ਹੋਇਆ ਹੈ। ਮੈਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਅਖ਼ਬਾਰ ਦੇ ਉਸ ਬਿਆਨ ਨੂੰ ਲੈ ਕੇ ਕਿਸਾਨ ਆਗੂਆਂ ਦੇ ਮਨਾਂ ਨੂੰ ਵੀ ਠੇਸ ਪੁੱਜੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਕਿਸਾਨ ਆਗੂਆਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਤਿਕਾਰ ਕਰਦੀ ਹਾਂ ਤੇ ਕਰਦੀ ਰਹਾਂਗੀ।