Sangrur by election 2022: ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਅਕਾਲੀ ਦਲ (ਸੰਯੁਕਤ)-ਭਾਜਪਾ ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।



ਉਨ੍ਹਾਂ ਕਿਹਾ,‘ਅਕਾਲੀ ਤੇ ਕਾਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਵੇਂ ਬਦਲ ਵਿੱਚ ਲਿਆਂਦਾ ਸੀ ਪਰ ਹੁਣ ਲੋਕਾਂ ਲਈ ਇਹ ਬਦਲਾਅ ਉਲਟਾ ਹੋ ਗਿਆ ਹੈ ਤੇ ਲੋਕ ਕਹਿ ਰਹੇ ਹਨ ਕਿ ਜਿਹੜੀ ਸਰਕਾਰ ਅਸੀਂ ਉਮੀਦਾਂ ਨਾਲ ਚੁਣੀ ਸੀ ਉਸ ਨੇ ਸਾਡੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ ਕਿਉਂਕਿ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋ ਰਹੇ ਤੇ ਇਸ ਸਰਕਾਰ ਨੇ ਸਭ ਤੋਂ ਵੱਡਾ ਧੋਖਾ ਔਰਤਾਂ ਨਾਲ ਕੀਤਾ ਕਿਉਂਕਿ ਔਰਤਾਂ ਨੂੰ ਅਜੇ ਤੱਕ ਹਜ਼ਾਰ ਰੁਪਏ ਨਹੀਂ ਮਿਲਿਆ।

ਉਨ੍ਹਾਂ ਵਾਅਦਾ ਕੀਤਾ ਕਿ ਜਿੱਤਣ ਤੋਂ ਬਾਅਦ ਦੋ ਸਾਲਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਲਿਆਂਦੀਆਂ ਜਾਣਗੀਆਂ ਤੇ ਨੌਜਵਾਨਾਂ ਦੀ ਸਹੂਲਤ ਲਈ ਸੰਗਰੂਰ ’ਚ ਇੰਟਰਨੈਸ਼ਨਲ ਏਅਰ ਪੋਰਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਤੇ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ ਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਜਪਾ ਹੀ ਸੂਬੇ ਤੇ ਦੇਸ਼ ਨੂੰ ਖੁਸ਼ਹਾਲ ਬਣਾ ਸਕਦੀ ਹੈ ਜਿਸ ਕਰਕੇ ਲੋਕਾਂ ਦਾ ਉਨ੍ਹਾਂ ਨੂੰ ਵੱਡਾ ਸਮੱਰਥਨ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੈਕਟ ਦੇ ਰੰਗ ’ਤੇ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੀ ਜੈਕਟ ਦਾ ਫ਼ਿਕਰ ਛੱਡ ਕੇ ਪੰਜਾਬ ਦੇ ਲੋਕਾਂ ਦਾ ਫ਼ਿਕਰ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜੀ ਹੋਈ ਹੈ। ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕਾਂ ਸਣੇ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਇਸ ਹਾਲਾਤ ਵੱਲ ਧਿਆਨ ਦੇਣਾ ਚਾਹੀਦਾ ਹੈ।