Punjab News : ਅਧਿਆਪਕਾਂ ਨੂੰ ਨਵੇਕਲੀਆਂ ਤੇ ਪ੍ਰਯੋਗਸ਼ੀਲ ਸਿੱਖਣ ਤਕਨੀਕਾਂ ਰਾਹੀਂ ਪ੍ਰਭਾਵਸ਼ਾਲੀ  ਢੰਗ ਨਾਲ ਵਿਦਿਆਰਥੀਆਂ ਦੀ ਰਹਿਮਨੁਮਾਈ ਕਰਨ, ਪੜ੍ਹਾਉਣ ਤੇ ਸਹੂਲਤ ਦੇਣ ਦੇ ਮੱਦੇਨਜ਼ਰ ਲੋੜੀਂਦੇ ਇਲਮ ਅਤੇ ਸਾਧਨਾਂ ਨਾਲ ਲੈਸ ਕਰਨ ਅਤੇ ਪ੍ਰੋਗਰਾਮ ਦੀ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰਨ ਲਈ, ਅੱਜ ਸੂਬੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਅਧਿਆਪਕਾਂ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ ਇੱਕ ਆਨਲਾਈਨ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ।
 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੈਸ਼ਨ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਲਾਹਕਾਰ, ਫੈਸੀਲੀਟੇਟਰ ਅਤੇ ਕੋਚ ਵਜੋਂ ਸਮਰੱਥ ਬਣਾਉਣਾ ਸੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਮਹੱਤਤਾ ਅਤੇ ਉਦੇਸ਼ਾਂ ਨੂੰ ਸਮਝਣ ਵਿੱਚ ਬਿਹਤਰ ਸੇਧ ਦੇ ਸਕਣ। ਇਸ ਨਵੇਕਲੀ ਪਹਿਲਕਦਮੀ ਦਾ ਮੁੱਖ ਮੰਤਵ 11ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਵਿਹਾਰਕ ਸਿੱਖਿਆ(ਪ੍ਰੈਕਟੀਕਲ ਲਰਨਿੰਗ) ਦੇ ਤਰੀਕਿਆਂ ਰਾਹੀਂ ਇੱਕ ਉੱਦਮੀ ਮਾਨਸਿਕਤਾ ਦਾ ਸੰਚਾਰ ਕਰਨਾ ਹੈ ਤਾਂ ਜੋ ਉਹਨਾਂ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ  21ਵੀਂ ਸਦੀ ਦੇ ਹੁਨਰਾਂ ਨਾਲ ਲੈਸ ਕੀਤਾ ਜਾ ਸਕੇ।
 
ਉਹਨਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਜ਼ਰੂਰੀ ਹੁਨਰ ਜਿਵੇਂ ਕਿ ਜੋਖਮ ਅਤੇ ਫੈਸਲੇ ਲੈਣ ਦੀ ਪ੍ਰਵਿਰਤੀ ਦਾ ਸੰਚਾਰ, ਅਧਿਆਪਕਾਂ ਅਤੇ ਉਦਯੋਗ ਮਾਹਿਰਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਆਪਣੇ ਵਿਹਾਰਕ ਬਿਜ਼ਨਜ਼ ਆਈਡੀਆਜ਼ ਵਿਕਸਿਤ ਕਰਨ ਦੇ ਯੋਗ ਬਣਾਉਣਾ , ਸੀਡ ਫੰਡਿੰਗ ਆਦਿ ਹੈ। ਇਸ ਆਨਲਾਈਨ ਓਰੀਐਂਟੇਸ਼ਨ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ, ਜਿਸ ਵਿੱਚ 2000 ਤੋਂ ਵੱਧ ਸਕੂਲਾਂ ਦੇ ਲਗਭਗ 8500 ਵਿਅਕਤੀ  ਯੂਟਿਊਬ ਲਾਈਵ ਸਟਰੀਮਿੰਗ ਰਾਹੀਂ ਸੈਸ਼ਨ ਵਿੱਚ ਸ਼ਾਮਲ ਹੋਏ।
 
ਸਿੱਖਿਆ ਮੰਤਰੀ ਨੇ ਕਿਹਾ ਕਿ ਸੈਸ਼ਨ ਵਿੱਚ ਬਿਜ਼ਨਸ ਬਲਾਸਟਰਜ਼ 2022-23 ਦੇ ਪਾਇਲਟ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ, ਬਿਜ਼ਨਸ ਬਲਾਸਟਰਜ਼ 2023-24 ਪਾਇਲਟ ਪ੍ਰੋਗਰਾਮ ਲਈ ਰੂਪਰੇਖਾ ਸਬੰਧੀ ਜਾਣਕਾਰੀ ਅਤੇ ਪ੍ਰੋਗਰਾਮ ਦੇ ਉਦੇਸ਼ਾਂ, ਵਿਸ਼ੇਸ਼ਤਾਵਾਂ, ਸਕੇਲ, ਮਿਆਦ ਅਤੇ ਮਹੱਤਤਾ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਸੈਸ਼ਨ ਵਿੱਚ ਸਫਲ ਪਾਇਲਟ ਪ੍ਰੋਗਰਾਮ ਤੋਂ ਪ੍ਰਾਪਤ ਜਾਣਕਾਰੀ ਅਤੇ ਸਿੱਖਿਆਵਾਂ ਬਾਰੇ ਵੀ ਚਰਚਾ ਕੀਤੀ ਗਈ।
 
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੁੱਲ 220 ਮਾਸਟਰ ਟਰੇਨਰ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਲਗਭਗ 8500 ਅਧਿਆਪਕਾਂ ਨੂੰ ਆਫਲਾਈਨ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਅਧਿਆਪਕਾਂ ਨੂੰ 11ਵੀਂ ਜਮਾਤ ਦੇ ਲਗਭਗ ਦੋ ਲੱਖ ਵਿਦਿਆਰਥੀਆਂ ਲਈ ਕਲਾਸਰੂਮ ਦੀਆਂ ਗਤੀਵਿਧੀਆਂ ਚਲਾਉਣ ਦੇ  ਮੱਦੇਨਜ਼ਰ ਲੋੜੀਂਦੇ ਹੁਨਰਾਂ ਨਾਲ ਲੈਸ ਕਰੇਗੀ, ਜਿਸ ਨਾਲ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪ੍ਰੋਜੈਕਟ ਨੂੰ ਨਿਰਵਿਘਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ।
 
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਉੱਦਮੀ ਸਫ਼ਰ ਨੂੰ ਦਿਸ਼ਾ ਦੇਣ ਵਿੱਚ ਅਧਿਆਪਕਾਂ ਦੀ ਯੋਗਤਾ ’ਤੇ ਭਰੋਸਾ ਪ੍ਰਗਟਾਇਆ, ਜਿਸ ਨਾਲ ਉਨ੍ਹਾਂ ਵਿੱਚ ਨਵੀਨਤਾ, ਅਨੁਕੂਲਤਾ ਅਤੇ ਲਗਨ ਵਰਗੀਆਂ ਕਦਰਾਂ-ਕੀਮਤਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਆਲਮੀ ਪੱਧਰ ’ਤੇ ਸਮੇਂ ਦੇ ਹਾਣੀ ਬਣਾਉਣ ਲਈ ਵਚਨਬੱਧ ਹੈ।