ਸੁਖਬੀਰ ਬਾਦਲ ਨੇ ਮੁੜ ਪਾਈ ਬੀਜੇਪੀ ਨੂੰ ਜੱਫੀ, ਅਕਾਲੀ ਵਰਕਰ ਦੋਚਿੱਤੀ 'ਚ
ਏਬੀਪੀ ਸਾਂਝਾ | 06 Oct 2019 01:40 PM (IST)
ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਹਰਿਆਣਾ ਵਾਲੀ ਨਰਾਜ਼ਗੀ ਭੁਲਾਉਂਦੇ ਹੋਏ ਪੰਜਾਬ ਵਿੱਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ ਪਰ ਦੋਵਾਂ ਪਾਰਟੀਆਂ ਦੇ ਵਰਕਰ ਦੋਚਿੱਤੀ ਵਿੱਚ ਹਨ। ਹੇਠਲੇ ਪੱਧਰ ਦੇ ਵਰਕਰਾਂ ਨੂੰ ਸਮਝ ਨਹੀਂ ਆ ਰਹੀ ਕਿ ਇੱਕ-ਦੂਜੇ ਖਿਲਾਫ ਇੰਨੀ ਤਿੱਖੀ ਬਿਆਨਬਾਜ਼ੀ ਮਗਰੋਂ ਹੁਣ ਇਕੱਠੇ ਕਿਵੇਂ ਚੱਲਿਆ ਜਾ ਸਕਦਾ ਹੈ।
ਪੁਰਾਣੀ ਤਸਵੀਰ
ਚੰਡੀਗੜ੍ਹ: ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਹਰਿਆਣਾ ਵਾਲੀ ਨਰਾਜ਼ਗੀ ਭੁਲਾਉਂਦੇ ਹੋਏ ਪੰਜਾਬ ਵਿੱਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ ਪਰ ਦੋਵਾਂ ਪਾਰਟੀਆਂ ਦੇ ਵਰਕਰ ਦੋਚਿੱਤੀ ਵਿੱਚ ਹਨ। ਹੇਠਲੇ ਪੱਧਰ ਦੇ ਵਰਕਰਾਂ ਨੂੰ ਸਮਝ ਨਹੀਂ ਆ ਰਹੀ ਕਿ ਇੱਕ-ਦੂਜੇ ਖਿਲਾਫ ਇੰਨੀ ਤਿੱਖੀ ਬਿਆਨਬਾਜ਼ੀ ਮਗਰੋਂ ਹੁਣ ਇਕੱਠੇ ਕਿਵੇਂ ਚੱਲਿਆ ਜਾ ਸਕਦਾ ਹੈ। ਉਂਝ ਦੋਵੇਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਨੇ ਫੈਸਲਾ ਕੀਤਾ ਹੈ ਕਿ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਇੱਕ-ਦੂਜੇ ਵਿਰੁੱਧ ਬੇਲੋੜੀ ਬਿਆਨਬਾਜ਼ੀ ਨਾ ਕੀਤੀ ਜਾਵੇ। ਇਸ ਨਾਲ ਆਮ ਵੋਟਰਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਦੋਵਾਂ ਪਾਰਟੀਆਂ ਵਿਚਾਲੇ ਹਰਿਆਣਾ ਵਿੱਚ ਗੱਠਜੋੜ ਨਾ ਹੋਣ ਮਗਰੋਂ ਤਣਾਅ ਵਧ ਗਿਆ ਹੈ। ਇਸ ਕਰਕੇ ਫਗਵਾੜਾ ਤੇ ਮੁਕੇਰੀਆਂ ਹਲਕਿਆਂ ਵਿੱਚ ਬੀਜੇਪੀ ਉਮੀਦਵਾਰਾਂ ਹੱਕ 'ਚ ਡਟਣ ਤੋਂ ਅਕਾਲੀ ਵਰਕਰ ਪਾਸਾ ਵੱਟ ਰਹੇ ਹਨ। ਇਸ ਮਗਰੋਂ ਬੀਜੇਪੀ ਫਿਕਰਮੰਦ ਸੀ। ਇਸ ਲਈ ਸ਼ਨੀਵਾਰ ਨੂੰ ਦੋਵਾਂ ਪਾਰਟੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਫਗਵਾੜਾ ਤੇ ਮੁਕੇਰੀਆਂ ਹਲਕਿਆਂ ਵਿੱਚ ਜਿੱਥੇ ਵੀ ਬੀਜੇਪੀ ਲੀਡਰ ਅਕਾਲੀ ਵਰਕਰਾਂ ਦੀਆਂ ਡਿਊਟੀਆਂ ਲਾਉਣ ਨੂੰ ਕਹਿਣਗੇ, ਉੱਥੇ ਹੀ ਅਕਾਲੀ ਦਲ ਦੇ ਵਰਕਰ ਡੱਟ ਜਾਣਗੇ। ਬੇਸ਼ੱਕ ਸੀਨੀਅਰ ਲੀਡਰਸ਼ਿਪ ਇੱਕ-ਦੂਜੇ ਖਿਲਾਫ ਭੜਾਸ ਕੱਢ ਕੇ ਸ਼ਾਂਤ ਹੋ ਗਈ ਹੈ ਪਰ ਆਮ ਵਰਕਰ ਨੂੰ ਇਹ ਗੱਲ਼ ਹਜ਼ਮ ਨਹੀਂ ਹੋ ਰਹੀ। ਦਰਅਸਲ, ਹਰਿਆਣਾ ਵਿੱਚ ਦੋਵੇਂ ਧਿਰਾਂ ਇੱਕ-ਦੂਜੇ ਵਿਰੁੱਧ ਚੋਣਾਂ ਲੜ ਰਹੀਆਂ ਹਨ, ਇਸ ਦਾ ਅਸਰ ਪੰਜਾਬ ਗੱਠਜੋੜ ’ਤੇ ਵੀ ਪੈ ਰਿਹਾ ਸੀ। ਬੀਜੇਪੀ ਦੇ ਕੁਝ ਲੀਡਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬਿਆਨਾਂ ਉੱਤੇ ਕੀਤੀਆਂ ਸਖਤ ਟਿੱਪਣੀਆਂ ਕਾਰਨ ਦੋਵਾਂ ਧਿਰਾਂ ਵਿੱਚ ਕਸ਼ੀਦਗੀ ਪੈਦਾ ਹੋ ਗਈ ਸੀ। ਉਸ ਤੋਂ ਬਾਅਦ ਹੀ ਤਾਲਮੇਲ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ।