ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸਮਾਗਮ ਕਰਾਉਣ ਬਾਰੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਕੋਈ ਤਾਲਮੇਲ ਨਹੀਂ ਬਣ ਰਿਹਾ। ਸ਼੍ਰੋਮਣੀ ਕਮੇਟੀ 'ਤੇ ਅਕਾਲੀ ਦਲ ਦਾ ਕਬਜ਼ਾ ਹੋਣ ਕਰਕੇ ਕਾਂਗਰਸ ਸਰਕਾਰ ਨਾਲ ਵਾਰ-ਵਾਰ ਟਕਰਾਅ ਹੋ ਰਿਹਾ ਹੈ। ਗੱਲ ਇੱਥੋਂ ਤੱਕ ਵਧ ਗਈ ਹੈ ਕਿ ਕੈਪਟਨ ਸਰਕਾਰ ਦੇ ਨੁਮਾਇੰਦੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਈ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।


ਯਾਦ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵਾਸਤੇ ਐਸਜੀਪੀਸੀ ਤੇ ਪੰਜਾਬ ਸਰਕਾਰ ਵਿਚਾਲੇ ਕਈ ਬੈਠਕਾਂ ਕੀਤੀਆਂ ਗਈਆਂ ਪਰ ਗੱਲ ਕਿਸੇ ਸਿਰੇ ਨਹੀਂ ਚੜ੍ਹੀ। ਚਾਰ ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਐਸਜੀਪੀਸੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਸੀ। ਕੈਪਟਨ ਵੱਲੋਂ ਪੰਜਾਬ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਦੀ ਡਿਊਟੀ ਲਾ ਦਿੱਤੀ ਸੀ।

ਉਧਰ, ਸੁਖਜਿੰਦਰ ਰੰਧਾਵਾ ਨੇ ਬੈਠਕ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ ਰੰਧਾਵਾ ਪਿਛਲੀ ਵਾਰ ਬੈਠਕ ਵਿੱਚ ਮੌਜੂਦ ਸਨ। ਰੰਧਾਵਾ ਨੇ ਆਪਣਾ ਇਹ ਫੈਸਲਾ ਕੈਪਟਨ ਨੂੰ ਵੀ ਦੱਸ ਦਿੱਤਾ। ਰੰਧਾਵਾ ਦਾ ਕਹਿਣਾ ਹੈ ਕਿ ਐਸਜੀਪੀਸੀ ਦੀ ਬੈਠਕ ਵਿੱਚ ਬਾਦਲਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਇਸ ਕਰਕੇ ਉਹ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ।

ਹਾਲਾਂਕਿ ਚਰਨਜੀਤ ਸਿੰਘ ਚੰਨੀ ਵੱਲੋਂ ਬੈਠਕ ਵਿੱਚ ਸ਼ਾਮਲ ਹੋਣਾ ਜਾਂ ਨਾ ਹੋਣ ਬਾਰੇ ਕੋਈ ਫੈਸਲਾ ਨਹੀਂ ਆਇਆ। ਵੱਡਾ ਸਵਾਲ ਇਹ ਹੈ ਕੀ ਪੰਜਾਬ ਸਰਕਾਰ ਆਪਣੀ ਕੈਬਨਿਟ ਮੰਤਰੀ ਦੇ ਫੈਸਲੇ ਨਾਲ ਖੜ੍ਹੇਗੀ ਜਾਂ ਫਿਰ ਬੈਠਕ ਵਿੱਚ ਕਿਸੇ ਹੋਰ ਮੰਤਰੀ ਦੀ ਡਿਊਟੀ ਲਾਈ ਜਾਵੇਗੀ।