ਸੰਗਰੂਰ: ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਭਗਵੰਤ ਮਾਨ ਨੇ ਸ਼ਨੀਵਾਰ ਸ਼ਾਮ ਨੂੰ ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਖ਼ੁਲਾਸਾ ਕੀਤਾ ਹੈ ਕਿ ਕਾਂਗਰਸ 'ਆਪ' ਵਿਧਾਇਕਾਂ ਨੂੰ 10 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਉਨ੍ਹਾਂ ਦੀ ਖ਼ਰੀਦਣ ਤੇ 'ਆਪ' ਤੋਂ ਅਸਤੀਫ਼ਾ ਦੇਣ ਦੀ ਕੋਸ਼ਿਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 'ਆਪ' ਨੂੰ ਤੋੜਨਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਾਜਰ ਸਿੰਘ ਮਾਨਸ਼ਾਹੀਆ 10 ਕਰੋੜ ਰੁਪਏ ਤੇ ਪ੍ਰਦੂਸ਼ਣ ਕੰਟਰੋਲ ਦੀ ਚੇਅਰਮੈਨੀ ਲਈ ਵਿਕੇ ਹਨ।


ਇਹ ਵੀ ਪੜ੍ਹੋ: ਖਹਿਰਾ ਦਾ ਅਸਤੀਫ਼ਾ ਲਿਖਣ ਲਈ ਭਗਵੰਤ ਮਾਨ ਤਿਆਰ

ਮਾਨ ਨੇ ਕਿਹਾ ਕਿ ਇੱਕ ਵਿਧਾਇਕ ਨਾਲ ਭਰਤਇੰਦਰ ਚਹਿਲ ਤੇ ਇੱਕ ਹੋਰ ਕਾਂਗਰਸੀ ਲੀਡਰ ਸੰਪਰਕ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਜਲਦ ਹੀ ਸਬੂਤਾਂ ਸਮੇਤ ਇਸ ਦਾ ਪਰਦਾਫਾਸ਼ ਕਰਨਗੇ ਤੇ ਚੋਣ ਕਮਿਸ਼ਨ ਨੂੰ ਕਾਂਗਰਸ ਦੀ ਸ਼ਿਕਾਇਤ ਕਰਕੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿਣਗੇ ਜੋ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਗ਼ੈਰ-ਕਾਨੂੰਨੀ ਪੈਸਿਆਂ ਦਾ ਇਸਤੇਮਾਲ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਉਹ ਇਸ ਪ੍ਰੈਸ ਕਾਨਫਰੰਸ ਵਿੱਚ ਮਾਨ ਨਾਲ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੇ ਮਹਿਲ ਕਲਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ। ਦੱਸ ਦੇਈਏ ਬੀਤੇ ਕੱਲ੍ਹ ਮਾਨ ਨੇ ਆਪਣੇ ਪੁਰਾਣੇ ਸਾਥੀ ਸੁਖਪਾਲ ਖਹਿਰਾ ਲਈ ਅਸਤੀਫ਼ਾ ਲਿਖਣ ਲਈ ਵੀ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਖਹਿਰਾ ਨੂੰ ਅਸਤੀਫ਼ਾ ਲਿਖਣਾ ਨਹੀਂ ਆਉਂਦਾ ਤਾਂ ਉਹ ਭੇਜ ਦਿੰਦੇ ਹਨ।