ਚੰਡੀਗੜ੍ਹ : ਐਸਵਾਈਐਲ ਨਹਿਰ ਦੇ ਮੁੱਦੇ ’ਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਕਾਂਗਰਸ ਅੱਜ ਤੋਂ ਸੜਕਾਂ ਉੱਤੇ ਉਤਰ ਆਈ ਹੈ। ਕਾਂਗਰਸ ਨੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ-ਬੀਜੇ ਪੀ ਸਰਕਾਰ ਦੇ ਖ਼ਿਲਾਫ਼ ਇਸ ਮੁੱਦੇ ਉੱਤੇ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਸਾੜੇ। ਕਾਂਗਰਸੀਆਂ ਵੱਲੋਂ ਸਾੜੇ ਗਏ ਪੁਤਲਿਆਂ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਯਾਦ ਰਹੇ ਕਿ ਕਾਂਗਰਸ ਦੇ ਸਾਰੇ 42 ਵਿਧਾਇਕਾਂ ਪਹਿਲਾਂ ਹੀ ਐਸਵਾਈਐਲ ਨਹਿਰ ਮੁੱਦੇ ਉੱਤੇ ਅਸਤੀਫ਼ੇ ਦੇ ਚੁੱਕੇ ਹਨ।


ਕਾਂਗਰਸ ਨੇ ਐਸਵਾਈਐਲ ਨਹਿਰ ਮੁੱਦੇ ਉੱਤੇ ਲੰਮੀ ਰੂਪਰੇਖਾ ਉਲੀਕੀ ਹੈ। ਯੋਜਨਾ ਦੇ ਪਹਿਲੇ ਪੜਾਅ ਤਹਿਤ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੁਤਲੇ ਸਾੜੇ ਜਾਣ ਤੋਂ ਬਾਅਦ ਪਾਰਟੀ ਵੱਲੋਂ 13 ਨਵੰਬਰ ਨੂੰ ਰਾਜਸਥਾਨ ਦੀ ਹੱਦ ਨਾਲ ਲਗਦੇ ਪੰਜਾਬ ਦੇ ਆਖ਼ਰੀ ਪਿੰਡ ਗੁੰਜਾਲ ਵਿੱਚ ਰੋਸ ਰੈਲੀ ਕੀਤੀ ਜਾਵੇਗੀ।

ਇਸ ਪਿੰਡ ਵਿੱਚ ਸਤਲੁਜ ਦਰਿਆ ਦਾ ਪਾਣੀ ਜਾਂਦਾ ਹੈ ਅਤੇ ਹਰਿਆਣਾ ਨੂੰ ਹੋਰ ਪਾਣੀ ਦੇਣ ਦੀ ਹਾਲਤ ਵਿੱਚ ਇਸ ਇਲਾਕੇ ਦਾ ਪਾਣੀ ਬੰਦ ਹੋ ਜਾਵੇਗਾ। ਅਗਲੇ ਦਿਨਾਂ ਵਿੱਚ ਕਾਂਗਰਸ ਆਗੂ ਰਾਸ਼ਟਰਪਤੀ ਨੂੰ ਮਿਲ ਕੇ ਮੰਗ ਕਰਨਗੇ ਕਿ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।