ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਤਿੰਨ ਅਕਤੂਬਰ ਤੋਂ ਪੰਜਾਬ ਦਾ ਮਾਹੌਲ ਹੋਰ ਭਖਣ ਵਾਲਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਤੋਂ 5 ਅਕਤੂਬਰ ਤੱਕ ਉਨ੍ਹਾਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਟਰੈਕਟਰ ਰੈਲੀਆਂ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਰਾਹੁਲ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਟਰੈਕਟਰ ਰੈਲੀਆਂ ਕਰਨਗੇ ਪਰ ਹੁਣ ਇਸ ਰੈਲੀ ਨੂੰ ਇੱਕ ਦਿਨ ਲਈ ਅੱਗੇ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਨ੍ਹਾਂ ਰੋਸ ਰੈਲੀਆਂ ਵਿੱਚ ਪੰਜਾਬ ਦੇ ਸਾਰੇ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਹਿੱਸਾ ਲੈਣਗੇ ਜਿਸ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਣਗੇ। ਰੈਲੀ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਜਾਏਗੀ।

ਪੰਜਾਬ ਕਾਂਗਰਸ ਦੇ ਬੁਲਾਰੇ ਮੁਤਾਬਕ ਟਰੈਕਟਰ ਰੈਲੀਆਂ ਨੂੰ ਰਾਜ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੀ ਉਮੀਦ ਹੈ। ਇਨ੍ਹਾਂ ਰੈਲੀਆਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਤੇ ਹਲਕਿਆਂ ਵਿੱਚ ਤਿੰਨ ਦਿਨਾਂ ਦੌਰਾਨ 50 ਕਿਲੋਮੀਟਰ ਤੋਂ ਵੱਧ ਖੇਤਰ ਕਵਰ ਕੀਤਾ ਜਾਏਗਾ। ਟਰੈਕਟਰ ਰੈਲੀਆਂ ਤਿੰਨ ਦਿਨ ਰੋਜ਼ਾਨਾ 11 ਵਜੇ ਦੇ ਕਰੀਬ ਸ਼ੁਰੂ ਹੋਣਗੀਆਂ। ਇਸ ਦੇ ਨਾਲ ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਕੀਤੀ ਜਾਏਗੀ।

ਹੁਣ ਜਾਣੋ ਇਨ੍ਹਾਂ ਰੈਲੀਆਂ ਬਾਰੇ:

ਪਹਿਲਾ ਦਿਨ 3 ਅਕਤੂਬਰ, ਸ਼ਨੀਵਾਰ: ਇਸ ਰੋਸ ਰੈਲੀ 'ਚ ਕੁੱਲ 22 ਕਿਲੋਮੀਟਰ ਦੀ ਦੂਰੀ ਕਵਰ ਕੀਤੀ ਜਾਏਗੀ। ਦੱਸ ਦਈਏ ਇਹ ਰੈਲੀ ਬੱਧਨੀ ਕਲਾਂ (ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ) ਤੋਂ ਸ਼ੁਰੂ ਹੋਏਗੀ। ਇਸ ਤੋਂ ਬਾਅਦ ਇਹ ਲੋਪੋਂ (ਨਿਹਾਲ ਸਿੰਘ ਵਾਲਾ) ਤੋਂ ਲੰਘੇਗੀ। ਰੈਲੀ ਫਿਰ ਜਗਰਾਉਂ (ਜ਼ਿਲ੍ਹਾ ਲੁਧਿਆਣਾ), ਜਿੱਥੇ ਇਹ ਚਕਰ, ਲੱਖਾ ਤੇ ਮਾਨੋਕੇ ਪਹੁੰਚੇਗੀ। ਅਖੀਰ ਵਿੱਚ ਜੱਟਪੁਰਾ (ਰਾਏਕੋਟ, ਜ਼ਿਲ੍ਹਾ ਲੁਧਿਆਣਾ) ਵਿਖੇ ਇੱਕ ਜਨ ਸਭਾ ਵਿੱਚ ਇਸ ਦੀ ਪਹਿਲੇ ਦਿਨ ਦੀ ਸਮਾਪਤ ਹੋਵੇਗੀ।

ਦੂਜਾ ਦਿਨ 4 ਅਕਤੂਬਰ, ਐਤਵਾਰ: 4 ਅਕਤੂਬਰ ਨੂੰ ਸੰਗਰੂਰ ਦੇ ਬਰਨਾਲਾ ਚੌਕ ਵਿਖੇ ਸਵਾਗਤ ਦੇ ਨਾਲ ਕੁੱਲ 20 ਕਿਲੋਮੀਟਰ ਕਵਰ ਕੀਤਾ ਜਾਏਗਾ, ਜਿੱਥੋਂ ਰਾਹੁਲ ਤੇ ਉਨ੍ਹਾਂ ਦੀ ਟੀਮ ਕਾਰ ਰਾਹੀਂ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ ਲਈ ਯਾਤਰਾ ਕਰੇਗੀ। ਟਰੈਕਟਰਾਂ 'ਤੇ ਸਵਾਰ ਹੋ ਸਮਾਣਾ (ਜ਼ਿਲ੍ਹਾ ਪਟਿਆਲਾ), ਇਸ ਨੂੰ ਫਤਿਹਗੜ੍ਹ ਛੰਨਾ ਤੇ ਬੰਮਨਾ ਇਕੱਠ ਹੋਏਗਾ। ਦੱਸ ਦਈਏ ਕਿ ਅਨਾਜ ਮੰਡੀ ਸਮਾਣਾ ਵਿਖੇ ਇੱਕ ਜਨਤਕ ਮੀਟਿੰਗ ਦੇ ਨਾਲ ਇਸ ਰੈਲੀ ਦਾ ਦੂਜਾ ਦਿਨ ਖ਼ਤਮ ਹੋਏਗਾ।

ਤੀਜਾ ਤੇ ਆਖਰੀ ਦਿਨ 5 ਅਕਤੂਬਰ, ਸੋਮਵਾਰ: 5 ਅਕਤੂਬਰ ਨੂੰ ਵਿਰੋਧ ਦੁਧਨ ਸਾਧਨ (ਜ਼ਿਲ੍ਹਾ ਪਟਿਆਲਾ) ਤੋਂ ਇੱਕ ਜਨਤਕ ਸਭਾ ਦੇ ਨਾਲ ਸ਼ੁਰੂ ਹੋਵੇਗਾ ਤੇ ਫਿਰ ਟਰੈਕਟਰ 10 ਕਿਲੋਮੀਟਰ ਦੀ ਯਾਤਰਾ ਕਰ ਪਿਹੋਵਾ ਬਾਰਡਰ ਵੱਲ ਜਾਣਗੇ। ਇੱਥੋਂ ਰਾਹੁਲ ਅੱਗੇ ਦੇ ਕਈ ਪ੍ਰੋਗਰਾਮਾਂ ਲਈ ਹਰਿਆਣਾ ਵਿੱਚ ਦਾਖਲ ਹੋਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904