ਧੂਰੀ: ਨਗਰ ਨਿਗਮ ਤੇ ਕੌਂਸਲ ਚੋਣਾਂ ਦੌਰਾਨ ਕਈ ਥਾਂ ਤੋਂ ਹਿੰਸਕ ਝੜਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵਿਚਾਲੇ ਧੂਰੀ ਨਗਰ ਕੌਂਸਲ ਵਿੱਚ ਵੀ ਚੋਣਾਂ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਬੂਥ ਤੇ ਕਬਜ਼ਾ ਕਰਨ ਦੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਇਹ ਵੀ ਇਲਜ਼ਾਮ ਲਾਏ ਹਨ ਕਿ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਉਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ।
ਧੂਰੀ ਦੇ ਵਾਰਡ ਨੰ.1 ਵਿੱਚ ਹੋਈ ਇਸ ਹਿੰਸਾ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ।ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਇਹ ਸਭ ਕਾਂਗਰਸ ਦੀ ਸ਼ਹਿ ਤੇ ਹੀ ਹੋ ਰਿਹਾ ਹੈ। ਉਧਰ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਜ਼ਖਮੀ ਆਏ ਹਨ ਜਿਨ੍ਹਾਂ ਵਿੱਚ ਇੱਕ ਦੇ ਸਿਰ 'ਤੇ ਤੇ ਇਕ ਦੀ ਲੱਤ ਤੇ ਸੱਟ ਲੱਗੀ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਵੀ ਆਪਣੀ ਮਾਤਾ ਦੇ ਨਾਲ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਆਪਣੀ ਭੜਾਸ ਕੱਢਦੇ ਹੋਏ ਕਿਹਾ, ਆਮ ਆਦਮੀ ਪਾਰਟੀ ਦੇ ਉੱਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੀ ਧੱਕਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਦੇਰ ਰਾਤ ਉਨ੍ਹਾਂ ਦੇ ਇੱਕ ਸਾਥੀ ਨੂੰ ਕਾਂਗਰਸੀ ਵਰਕਰਾਂ ਵਲੋਂ ਅਗਵਾ ਵੀ ਕਰ ਲਿਆ ਗਿਆ ਸੀ।