Punjab News: ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦਿਆਂ ਲਈ 52,000 ਤੋਂ ਵੱਧ ਨਾਮਜ਼ਦਗੀਆਂ ਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸ ਮੌਕੇ ਵਿਰੋਧੀਆਂ ਵੱਲੋਂ ਤਾਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹੀ ਗਏ ਹਨ ਪਰ ਹੁਣ ਸੱਤਧਾਰੀਆਂ ਨੇ ਵੀ ਇਹੀ ਪੈਂਤੜਾ ਖੇਡਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸ ਦੀ ਗ਼ੁੰਡਾਗਰਦੀ ਕਰਕੇ ਆਪ ਪੀੜਤ ਹੋਈ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ, ਮਾਜ਼ੀ ਵਿੱਚ ਸੱਤਾਧਾਰੀ ਧਿਰ ਆਮ ਲੋਕਾਂ ਨਾਲ ਗ਼ੁੰਡਾਗਰਦੀ ਕਰਦੀ ਸੀ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਗ਼ੁੰਡਿਆਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਿਆ ਹੈ।
ਕੰਗ ਨੇ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਗ਼ੁੰਡਾਗਰਦੀ ਕਰਕੇ ਆਪ ਦੇ ਵਰਕਰ ਦੇ ਪੀੜਤ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਗ਼ੁੰਡਿਆਂ ਨੇ ਜਲਾਲਾਬਾਦ ਵਿੱਚ ਗੋਲ਼ੀਆਂ ਚਲਾਈਆਂ ਹਨ ਪਰ ਇਹ ਲੋਕ ਦਾ ਜਵਾਬ ਵੋਟਾਂ ਵਿੱਚ ਦੇਣਗੇ। ਕੰਗ ਨੇ ਇਲਜ਼ਾਮ ਲਾਇਆ ਕਿ ਇਸ ਗ਼ੁੰਡਾਗਰਦੀ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰ ਕਰ ਰਹੇ ਸਨ ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਹਨ। ਕੰਗ ਨੇ ਦਾਅਵਾ ਕੀਤਾ ਕਿ ਆਪ ਨੇ ਕੋਈ ਧੱਕਾ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਵਰਕਰਾਂ ਨਾਲ ਜ਼ੁਲਮ ਹੋਇਆ ਹੈ।
ਮਲਵਿੰਦਰ ਕੰਗ ਨੇ ਪਿਛਲੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਜ਼ਿਆਦਾ ਨਾਮਜ਼ਦਗੀਆਂ ਹੋਈਆਂ ਹਨ। ਆਪ ਸਰਕਾਰ ਨੇ ਹਰ ਕਿਸੇ ਨੂੰ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ, ਕੰਗ ਨੇ ਤਨਜੀਆ ਲਹਿਜੇ ਵਿੱਚ ਕਿਹਾ ਕਿ ਪਰ ਇਸ ਵਾਰ ਵੀ ਵਿਰੋਧੀ ਆਪਣੀ ਗ਼ੁੰਡਾਗਰਦੀ ਤੋਂ ਬਾਜ਼ ਨਹੀਂ ਆਏ।
ਕਦੋਂ ਪੈਣਦੀਆਂ ਵੋਟਾਂ ?
ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਅਨੁਸਾਰ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸੇ ਦਿਨ ਹੀ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸੂਬੇ ਵਿੱਚ ਸਰਪੰਚ ਦੇ 13,237 ਤੇ ਪੰਚ ਦੇ 83,437 ਅਹੁਦਿਆਂ ਲਈ ਵੋਟਾਂ ਪੈਣਗੀਆਂ। ਰਾਜ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗਿਣਤੀ 1,33,97,922 ਹੈ ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 70,51,722 ਤੇ ਮਹਿਲਾ ਵੋਟਰਾਂ ਦੀ ਗਿਣਤੀ 63,46,008 ਹੈ। ਪੰਚਾਇਤੀ ਚੋਣਾਂ 'ਚ ਕੁੱਲ 19,110 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ।