ਚੰਡੀਗੜ੍ਹ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਦੇਸ਼ ਦ੍ਰੋਹੀ ਤਾਕਤਾਂ ਹਨ ਜਿਨ੍ਹਾਂ ਇੱਕਜੁੱਟ ਹੋ ਸਾਜਿਸ਼ ਤਹਿਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਜੋ ‘ਆਪ’ ਆਗੂ ਸੁਖਪਾਲ ਖਹਿਰਾ ਦੇ ਰਿਸ਼ਤੇਦਾਰ ਹਨ। ਤ੍ਰਿਪਤ ਰਜਿੰਦਰ ਬਾਜਵਾ, ਦਾਦੂਵਾਲ, ਮੰਡ ਤੇ ਖਹਿਰਾ ਨੇ ਮਾਨ ਦਲ ਖ਼ਾਸ ਦੇ ਖਾੜਕੂਵਾਦ ਵੇਲੇ ਚਰਚਾ ’ਚ ਰਹੇ ਚੰਨਣ ਸਿੰਘ ਦੇ ਘਰ ਮੀਟਿੰਗਾਂ ਕਰਦੇ ਸਨ। ਇਨ੍ਹਾਂ ਮੀਟਿੰਗਾਂ ਮਗਰੋਂ ਹੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦਾ ਰੌਚਕ ਤੱਥ ਇਹ ਕਿ ਇਸ ਵਿੱਚ ਅਕਾਲੀ ਦਲ-ਭਾਜਪਾ ਜਾਂ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਸ਼ਾਮਲ ਨਹੀਂ ਹੈ। ਸੁਖਬੀਰ ਸਿੰਘ ਬਾਦਲ ਸਥਾਨਕ ਪੰਜਾਬ ਪੈਲਸ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਦਾਦੂਵਾਲ ਨੂੰ ‘ਚੋਲ਼ੇ ਵਾਲਾ ਅਖੌਤੀ ਬਾਬਾ’ ਗਰਦਾਨਦਿਆ। ਉਨ੍ਹਾਂ ਤ੍ਰਿਪਤਇੰਦਰ ਬਾਜਵਾ, ਮੰਡ ਤੇ ਸੁਖਪਾਲ ਖਹਿਰਾ ਨੂੰ ਉਸ ਦੀ ਚੋਰ ਮੰਡਲੀ ਦਾ ਮੈਂਬਰ ਦੱਸਿਆ। ਉਨ੍ਹਾਂ ਕਿਹਾ ਕਿ ਬਾਬਿਆਂ ਦੀ ਆੜ ਵਿੱਚ ਇਨ੍ਹਾਂ ਨੇ ਧਰਮ ਨੂੰ ਇੱਕ ਧੰਦਾ ਬਣਾ ਲਿਆ ਹੈ ਤੇ ਇਸਦੇ ਆਸਰੇ ਹੀ ਉਹ ਰੋਜ਼ ਦੇ ਦੱਸ ਲੱਖ ਰੁਪਏ ਦੀ ਕਮਾਈ ਕਰਦੇ ਹਨ।  ਦਾਦੂਵਾਲ ਦੇ ਬਠਿੰਡਾ ਵਿਖੇ ਚਾਰ ਬੈਂਕ ਖਾਤਿਆਂ ’ਚ ਜਮ੍ਹਾ 16 ਕਰੋੜ ਰੁਪਏ ਦੀ ਨਕਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ 500 ਕਿੱਲੇ ਵਾਲੇ ਕਿਸਾਨ ਕੋਲ ਏਨਾ ਪੈਸਾ ਨਹੀਂ ਹੋ ਸਕਦਾ। ਉਨ੍ਹਾਂ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ‘ਦੋ ਕੌਡੀ ਦਾ ਬੰਦਾ’ਦੱਸਦਿਆਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਲੋਕਾਂ 'ਤੇ ਬੇਹਿਸਾਬ ਜ਼ੁਲਮ ਕਰਦੇ ਰਹੇ। ਜਿਨ੍ਹਾਂ ਬਾਰੇ ਜਾਖੜ ਦਾਅਵਾ ਕਰਦੇ ਸਨ ਕਿ ਇਹ ਲੋਕ ਬਾਦਲ ਪਰਿਵਾਰ ਨੂੰ ਮੁੰਹ ਨਹੀਂ ਲਾਉਣਗੇ, ਅੱਜ ਉਨ੍ਹਾਂ ਦੇ ਹੀ ਪਿੰਡ ਪੰਜਕੋਸੀ ਦੇ ਪਿੰਡਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਪੁੱਤਰ ਦਾ ਫਰਜ਼ ਨਿਭਾਉਂਦਿਆਂ ਕਿਹਾ ਕਿ ਜਿਸ ਬੰਦੇ ਨੂੰ ਕੌਮ ਲਈ ਅਨੇਕਾਂ ਸਾਲ ਜੇਲ੍ਹਾਂ ਕੱਟੀਆਂ, ਉਹ ਬੁਜ਼ਦਿਲ ਕਿਵੇਂ ਹੋ ਸਕਦੇ ਹਨ? ਬਲਕਿ ਉਹ ਦਲੇਰ ਤੇ ਜ਼ਿੰਮੇਵਾਰ ਮਨੁੱਖ ਹਨ, ਜਦਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੰਜ ਮਿੰਟ ਧੁੱਪ ’ਚ ਵੀ ਨਹੀਂ ਖੜ੍ਹ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਠੱਗੀ ਤੇ ਕੁਫਰ ਤੋਲ ਕੇ ਵਜਾਰਤ ਹਥਿਆਈ ਤੇ ਲੋਕਾਂ ਦੀਆਂ ਚੀਕਾਂ ਨਿਕਲ ਆਈਆਂ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਇਨ੍ਹਾਂ ਚੋਣਾ ਵਿੱਚ ਸੂਬੇ ਦੇ ਲੋਕ ਕਾਂਗਰਸ ਦੀ 'ਚੀਕ' ਕਢਾ ਕੇ ਛੱਡਣਗੇ। ਉਨਾਂ 9 ਤਾਰੀਕ ਨੂੰ ਜਾਖੜ ਦੇ ਘਰੇਲੂ ਹਲਕੇ ਵਿੱਚ ਭਰਵੀਂ ਰੈਲੀ ਦੇ ਮੱਦੇਨਜ਼ਰ ਅੱਪੜਨ ਦੀ ਵੀ ਅਪੀਲ ਕੀਤੀ।