ਮੋਗਾ: ਗਣਤੰਤਰ ਦਿਵਸ ਦੇ ਸਮਾਗਮਾਂ ਦੌਰਾਨ ਸਟੇਜ ਤੋਂ ਆਪਣਾ ਨਾਂਅ ਨਾ ਬੋਲੇ ਜਾਣ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਤਾਰਾ ਸਿੰਘ ਸੰਧੂ ਤੇ ਹੋਰ ਲੋਕ ਸੰਪਰਕ ਅਧਿਕਾਰੀ ਨਾਲ ਤੜਿੰਗ ਹੋ ਗਏ। ਕਾਂਗਰਸੀ ਲੀਡਰ ਤਾਰਾ ਸਿੰਘ ਤੇ ਹਰੀ ਸਿੰਘ ਦੇ ਕੁਝ ਸਮਰਥਕਾਂ ਨੇ ਆਪਣੇ ਲੀਡਰ ਦੀ 'ਹੱਤਕ' ਹੁੰਦਿਆਂ ਵੇਖ ਸਟੇਜ 'ਤੇ ਇਕੱਠੇ ਹੋ ਗਏ ਅਤੇ ਡੀਪੀਆਰਓ ਨੂੰ ਖਰੀਆਂ ਖਰੀਆਂ ਸੁਣਾਈਆਂ।


ਮੋਗਾ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ, ਪਰ ਇਸ ਤੋਂ ਪਹਿਲਾਂ ਹੀ ਉੱਥੇ ਪੁਆੜਾ ਪੈ ਗਿਆ। ਤਾਰਾ ਸਿੰਘ ਸੰਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਕਾਂਗਰਸ ਬੁਲਾਰਾ ਤਾਰਾ ਸਿੰਘ ਸੰਧੂ ਅਤੇ ਸੀਨੀਅਰ ਕਾਂਗਰਸ ਨੇਤਾ ਤੇ ਜਾਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦਾ ਨਾਂਅ ਡੀਪੀਆਰਓ ਵੱਲੋਂ ਸਟੇਜ ਤੋਂ ਨਾਂਅ ਨਾ ਬੋਲੇ ਜਾਣ 'ਤੇ ਖਫਾ ਹੋ ਗਏ। ਉਕਤ ਲੀਡਰ ਸਟੇਜ 'ਤੇ ਆ ਕੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨਾਲ ਕਾਫੀ ਔਖੇ ਭਾਰੇ ਵੀ ਹੋਏ।

ਲੀਡਰ ਔਖੇ ਸਨ ਕਿ ਡੀਪੀਆਰਓ ਵੱਲੋਂ ਉਨ੍ਹਾਂ ਦੋਵਾਂ ਨੇਤਾਵਾਂ ਦਾ ਨਾਂਅ ਨਹੀਂ ਬੋਲਿਆ ਗਿਆ ਅਤੇ ਉਨ੍ਹਾਂ ਦੀ ਥਾਂ ਅਕਾਲੀ ਦਲ ਤੋਂ ਕਾਂਗਰਸ 'ਚ ਸ਼ਾਮਲ ਹੋਏ ਜਗਰੂਪ ਸਿੰਘ ਤੇ ਉਨ੍ਹਾਂ ਦੇ ਪੁੱਤਰ ਦਾ ਨਾਂਅ ਬੋਲ ਦਿੱਤਾ ਗਿਆ।