ਕਪੂਰਥਲਾ - ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਮੌਜੂਦਗੀ 'ਚ ਸ਼ੁੱਕਰਵਾਰ ਅੱਧੀ ਰਾਤ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨੇ ਜੇ.ਸੀ.ਬੀ ਮਸ਼ੀਨ ਨਾਲ ਪਿੰਡ ਭੜੋਆਣਾ ਨੇੜੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ। ਬੰਨ੍ਹ ਨੂੰ ਤੋੜਨ ਤੋਂ ਪਹਿਲਾਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਡਰੇਨੇਜ ਵਿਭਾਗ ਅਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਵਿਭਾਗ ਆਪ ਹੀ ਬੰਨ੍ਹ ਤੋੜੇ। ਵਿਧਾਇਕ ਨੇ ਕਿਹਾ ਕਿ ਮੇਰਾ ਇਲਾਕਾ ਡੁੱਬ ਰਿਹਾ ਹੈ। ਪ੍ਰਸ਼ਾਸਨ ਬੇਖਬਰ ਹੈ।
ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਲਾਕਾ ਪਾਣੀ ਵਿੱਚ ਡੁੱਬ ਰਿਹਾ ਹੈ ਅਤੇ ਪ੍ਰਸ਼ਾਸਨ ਇਸ ਲਈ ਕੁਝ ਨਹੀਂ ਕਰ ਰਿਹਾ। ਰਾਤ ਕਰੀਬ 11.30 ਵਜੇ ਉਹ ਜੇਸੀਬੀ ਮਸ਼ੀਨ ਲੈ ਕੇ ਪਿੰਡ ਭੜੋਆਣਾ ਪਹੁੰਚਿਆ।
ਰਾਣਾ ਇੰਦਰਪ੍ਰਤਾਪ ਸਿੰਘ , ਕਾਂਗਰਸੀ ਲੀਡਰ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਹੈ। ਰਾਣਾ ਇੰਦਰਪ੍ਰਤਾਪ ਸਿੰਘ ਨੇ ਕਾਂਗਰਸ ਖਿਲਾਫ਼ ਹੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਕਾਂਗਰਸ ਦੇ ਨਵਜੇਤ ਸਿੰਘ ਚੀਮਾ ਨੂੰ ਹਰਾਇਆ ਸੀ।
ਇਸ ਦੇ ਨਾਲ ਹੀ ਪੰਜਾਬ ਵਿੱਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਹੈ। ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਰੋਪੜ, ਐਸ.ਬੀ.ਐਸ ਨਗਰ, ਲੁਧਿਆਣਾ, ਹੁਸ਼ਿਆਰਪੁਰ ਵਿੱਚ ਕੁਝ ਸਮੇਂ ਲਈ ਮੀਂਹ ਦਾ ਅਲਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਵਿੱਚ 16 ਤੋਂ 19 ਜੁਲਾਈ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਜਲੰਧਰ 'ਚ ਧੁੱਸੀ ਬੰਨ੍ਹ 5 ਦਿਨਾਂ 'ਚ ਕੀਤਾ ਗਿਆ ਬੰਦ
ਜਲੰਧਰ 'ਚ ਲੋਹੀਆਂ ਦੇ ਮੰਡਾਲਾ ਛੰਨਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ ਟੁੱਟ ਗਿਆ ਤੇ ਇਸ ਦੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਫ਼ਸਲਾਂ ਨਾਲ ਖਿੜੇ ਖੇਤ ਪਾਣੀ ਵਿੱਚ ਡੁੱਬ ਗਏ। ਪਰ ਇਸ ਮੁਸੀਬਤ ਦੀ ਘੜੀ ਵਿੱਚ ਵੀ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਉਹ ਹੱਥ ਉੱਤੇ ਹੱਥ ਧਰ ਕੇ ਬੈਠੇ। ਉਨ੍ਹਾਂ ਨੇ ਟੁੱਟੇ ਧੁੱਸੀ ਬੰਨ੍ਹ ਨੂੰ ਦੁਬਾਰਾ ਬਣਾਉਣ ਦਾ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਮਿਲ ਕੇ ਸੰਕਲਪ ਲਿਆ।
ਸੰਤ ਸੀਚੇਵਾਲ ਅਤੇ ਸੰਗਤ ਨੇ ਇਸ ਸੰਕਲਪ ਨੂੰ ਲਗਭਗ 5 ਦਿਨਾਂ ਵਿੱਚ ਪੂਰਾ ਕਰ ਦਿੱਤਾ। ਜਿੱਥੇ ਧੁੱਸੀ ਬੰਨ੍ਹ ਟੁੱਟ ਗਿਆ ਸੀ, ਉੱਥੇ ਸਤਲੁਜ ਦੇ ਦੋ ਕਿਨਾਰਿਆਂ ਵਿਚਕਾਰ ਸਤਲੁਜ ਦੀ ਭਟਕੀ ਧਾਰ ਨੂੰ ਕੱਢਦਣ ਲਈ ਛੋਟਾ ਜਿਹਾ ਰਾਸਤਾ ਛੱਡ ਦਿੱਤਾ। ਬਾਕੀ ਬੰਨ੍ਹ ਬਣਾ ਦਿੱਤਾ ਗਿਆ ਹੈ।