Punjab News: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵਲੋਂ ਸੂਬੇ ਦੇ ਪਾਣੀ ਨੂੰ ਲੈਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਮੱਚ ਗਈ ਹੈ। ਉਮਰ ਅਬਦੁੱਲਾ ਦੇ ਬਿਆਨ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇ ਕੇ ਦੇਸ਼ ਭਗਤੀ ਨੂੰ ਘੱਟ ਨਹੀਂ ਕਰਨਾ ਚਾਹੀਦਾ। ਆਪ੍ਰੇਸ਼ਨ ਸਿੰਦੂਰ ਦੌਰਾਨ, ਪਾਕਿਸਤਾਨੀਆਂ ਨੇ ਜੰਮੂ-ਕਸ਼ਮੀਰ ਨਾਲੋਂ ਜ਼ਿਆਦਾ ਪੰਜਾਬ 'ਤੇ ਹਮਲਾ ਕੀਤਾ ਸੀ। ਜਿੰਨਾ ਚਿਰ ਪੰਜਾਬ ਅਤੇ ਇਸਦੇ ਕਿਸਾਨਾਂ ਦੀ ਦੇਸ਼ ਭਗਤੀ ਮਜ਼ਬੂਤ ​​ਰਹੇਗੀ, ਭਾਰਤ ਮਜ਼ਬੂਤ ​​ਰਹੇਗਾ।

ਉਮਰ ਅਬਦੁੱਲਾ ਵਲੋਂ ਦਿੱਤੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦੀ ਪ੍ਰਕਿਰਿਆ

ਸੁਖਜਿੰਦਰ ਰੰਧਾਵਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਵੀ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਸਮੇਤ ਪੂਰੇ ਉੱਤਰੀ ਭਾਰਤ ਨੂੰ ਸੁਰੱਖਿਅਤ ਕੀਤਾ ਸੀ ਅਤੇ ਪਾਣੀ ਦੀ ਵੰਡ ਦੀ ਇੱਕ ਮਜ਼ਬੂਤ ​​ਪ੍ਰਣਾਲੀ ਸਥਾਪਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਨਹਿਰਾਂ ਅਤੇ ਡੈਮ ਅਜੇ ਵੀ ਦੇਸ਼ ਨੂੰ ਅੰਨ ਦੇ ਰਹੇ ਹਨ ਅਤੇ ਇਹ ਪਾਣੀ ਪੰਜਾਬ ਲਈ 'ਲਾਈਫਲਾਈਨ' ਹੈ।

ਰੰਧਾਵਾ ਨੇ ਕਿਹਾ, 'ਅਬਦੁੱਲਾ ਸਾਹਿਬ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੇ ਪੁਰਖਿਆਂ ਅਤੇ ਪੰਜਾਬੀਆਂ ਵਿਚਕਾਰ ਇਤਿਹਾਸਕ ਅਤੇ ਧਾਰਮਿਕ ਸਬੰਧ ਰਹੇ ਹਨ। ਅਜਿਹੇ ਬਿਆਨ ਦੇ ਕੇ ਦੇਸ਼ ਦੀ ਏਕਤਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ।'

ਪਾਣੀ ਨੂੰ ਲੈਕੇ ਕੀ ਬੋਲੇ ਸਨ ਉਮਰ ਅਬਦੁੱਲਾ

ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਅਮਰ ਅਬਦੁੱਲਾ ਨੇ ਕਿਹਾ ਸੀ ਕਿ, 'ਮੈਂ ਹਾਲੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਵਾਂਗਾ। ਪਹਿਲਾਂ ਸਾਨੂੰ ਆਪਣਾ ਪਾਣੀ ਆਪਣੇ ਲਈ ਵਰਤਣ ਦਿਓ। ਜੰਮੂ ਵਿੱਚ ਸੋਕਾ ਪਿਆ ਹੋਇਆ ਹੈ, ਟੂਟੀਆਂ ਵਿੱਚ ਪਾਣੀ ਨਹੀਂ ਹੈ। ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਪੰਜਾਬ ਵਿੱਚ ਪਹਿਲਾਂ ਹੀ ਇੰਡਸ ਵਾਟਰ ਟੀਟੀ ਦੇ ਤਹਿਤ ਤਿੰਨ ਦਰਿਆ ਹਨ। ਕੀ ਉਦੋਂ ਉਨ੍ਹਾਂ ਨੇ ਸਾਨੂੰ ਪਾਣੀ ਦਿੱਤਾ?'

ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵੇਲੇ ਉਹ ਪ੍ਰਸਤਾਵਿਤ 113 ਕਿਲੋਮੀਟਰ ਲੰਬੀ ਨਹਿਰ ਰਾਹੀਂ ਜੰਮੂ-ਕਸ਼ਮੀਰ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਸ਼ਾਹਪੁਰ ਕੰਢੀ ਬਰਾਜ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਸਾਲਾਂ ਤੋਂ ਇਸ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਜੰਮੂ-ਕਸ਼ਮੀਰ ਨੂੰ ਨੁਕਸਾਨ ਹੋਇਆ।