Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਇਸ ਸਾਲ ਦੇ ਸੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਰਾਰੀ ਹਾਰ ਤੋਂ ਦੁਖੀ ਤੇ ਘਬਰਾਏ ਕਾਂਗਰਸੀ ਆਗੂ ਮਾਣਹਾਨੀ ਨੂੰ ਹੁਣ ਲੋਕ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਨ ਵਾਲਿਆਂ ਵਿਰੁੱਧ ਬਦਲਾ ਲੈਣ ਦੇ ਸਾਧਨ ਵਜੋਂ ਵਰਤ ਰਹੇ ਹਨ।
ਇੱਥੇ ਸਥਾਨਕ ਅਦਾਲਤ ਵਿੱਚ ਪੇਸ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਦੇ ਫਤਵੇ ਨਾਲ ਧੋਖਾ ਤੇ ਦਗਾ ਕਰਦੇ ਹਨ, ਉਹ ਹੁਣ ਸਾਡੇ ਵਿਰੁੱਧ ਮਾਣਹਾਨੀ ਦੇ ਕੇਸ ਦਾਇਰ ਕਰ ਰਹੇ ਹਨ। ਉਨਾਂ ਕਿਹਾ ਕਿ ਅਸਲ ਵਿੱਚ ਅਜਿਹੇ ਵਿਅਕਤੀ ਸੂਬਾ ਸਰਕਾਰ ਦੇ ਲੋਕ ਪੱਖੀ ਫੈਸਲੇ ਦੇ ਮੱਦੇਨਜਰ ਸਰਕਾਰ ਦੀ ਵਧ ਰਹੀ ਮਕਬੂਲੀਅਤ ਤੋਂ ਡਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਸ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਸਾਡੀ ਪਾਰਟੀ ਦੇ ਹੱਕ ਵਿੱਚ ਆਏ ਫੈਸਲੇ ਕਾਰਨ ਰੰਜਿਸ ਵਜੋਂ ਦਾਇਰ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲੇ ਉਨਾਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਫੈਸਲੇ ਲੈਣ ਤੋਂ ਨਹੀਂ ਰੋਕ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਲਈ ਅਜਿਹੇ ਕਿਸੇ ਵੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨਾਂ ਕਿਹਾ ਕਿ ਇਹ ਕਿੰਨਾ ਹਾਸੋਹੀਣਾ ਹੈ ਕਿ ਜਿਨਾਂ ਲੋਕਾਂ ਨੇ ਦੇਸ ਨੂੰ ਲੰਬੇ ਸਮੇਂ ਤੱਕ ਬਰਬਾਦ ਕੀਤਾ, ਉਹ ਹੁਣ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਨੂੰ ਸਾਧਨ ਵਜੋਂ ਵਰਤ ਰਹੇ ਹਨ।
ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕਈ ਦਹਾਕਿਆਂ ਤੋਂ ਦੇਸ ਨੂੰ ਲੁੱਟਣ ਵਾਲਿਆਂ ਖ਼ਿਲਾਫ ਮਾਣਹਾਨੀ ਦੇ ਕੇਸ ਕਿਉਂ ਨਹੀਂ ਦਰਜ ਕੀਤੇ ਜਾਂਦੇ। ਇਸੇ ਤਰਾਂ ਉਨਾਂ ਕਿਹਾ ਕਿ ਜਿਹੜੇ ਲੋਕ ਸੱਚੇ ਦੇਸ ਭਗਤਾਂ ਨੂੰ ਅੱਤਵਾਦੀ ਗਰਦਾਨਦੇ ਹਨ, ਉਨਾਂ ਖਿਲਾਫ ਅਜਿਹੇ ਕੇਸ ਕਿਉਂ ਨਹੀਂ ਦਰਜ ਕੀਤੇ ਜਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਆਗੂ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਅਣਥੱਕ ਮਿਹਨਤ ਕਰ ਰਹੇ ਹਨ, ਉਹ ਅੱਤਵਾਦੀ ਕਿਵੇਂ ਹੋ ਸਕਦੇ ਹਨ। ਉਨਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਸਰਾਰਤੀ ਅਨਸਰਾਂ ਵਿਰੁੱਧ ਕੋਈ ਮਾਣਹਾਨੀ ਵਰਗੀ ਕਾਰਵਾਈ ਨਹੀਂ ਹੁੰਦੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਨਾਂ ਵਿਰੁੱਧ ਸੰਮਨ ਜਾਰੀ ਕੀਤੇ ਜਾਣਗੇ ਤਾਂ ਉਹ ਅਦਾਲਤ ਵਿੱਚ ਪੇਸ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਉਨਾਂ ਨੂੰ ਦੇਸ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਉਨਾਂ ਕਿਹਾ ਕਿ ਅਦਾਲਤਾਂ ਬਹੁਤ ਸਤਿਕਾਰਯੋਗ ਹਨ ਅਤੇ ਉਹ ਅਦਾਲਤ ਦੇ ਹਰ ਫੈਸਲੇ ਦੀ ਪਾਲਣਾ ਕਰਨਗੇ।
ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਆਗੂਆਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ। ਉਨਾਂ ਕਿਹਾ ਕਿ ਲੋਕਾਂ ਦਾ ਪੈਸਾ ਲੁੱਟਣ ਤੋਂ ਬਾਅਦ ਹੁਣ ਇਹ ਆਗੂ ਆਪਣੇ ਮਾੜੇ ਕੰਮਾਂ ਲਈ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਸੁਰੱਖਿਅਤ ਪਨਾਹ ਦੀ ਆਸ ਵਿੱਚ ਭਾਜਪਾ ਵਿੱਚ ਸਾਮਲ ਹੋ ਰਹੇ ਹਨ। ਹਾਲਾਂਕਿ ਉਨਾਂ ਕਿਹਾ ਕਿ ਸੂਬੇ ਦੇ ਲੋਕ ਇਨਾਂ ਨੇਤਾਵਾਂ ਨੂੰ ਉਨਾਂ ਦੇ ਗੁਨਾਹਾਂ ਲਈ ਕਦੇ ਮੁਆਫ ਨਹੀਂ ਕਰਨਗੇ।