ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਅੱਜ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜ ਦੀ ਮੀਟਿੰਗ ਕੀਤੀ। ਇਹ ਮੀਟਿੰਗ ਵਿੱਚ ਮੁੱਖ ਤੌਰ 'ਤੇ 14 ਦਸੰਬਰ ਨੂੰ ਦਿੱਲੀ ਵਿੱਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬਾਰੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਦਿੱਲੀ ਜਾ ਕੇ ਮੋਦੀ ਦੀ ਜਾਨ ਨੂੰ ਰੋਵਾਂਗੇ। ਕੇਂਦਰ ਸਰਕਾਰ ਨੇ ਪੰਜਾਬ ਦੇ ਫੰਡ ਰੋਕੇ ਹੋਏ ਹਨ। ਇਸ ਨਾਲ ਸੂਬੇ ਦੇ ਵਿਕਾਸ 'ਤੇ ਅਸਰ ਪੈ ਰਿਹਾ ਹੈ।


ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਪੰਜਾਬ ਦੇ ਆਰਥਿਕ ਹਾਲਾਤ ਨੂੰ ਲੈ ਕੇ ਕੇਂਦਰ ਸਰਕਾਰ ਦੀ ਹੀ ਅਲੋਚਨਾ ਕੀਤੀ। ਭੂਸ਼ਣ ਨੇ ਕਿਹਾ ਕਿ ਆਰਥਿਕ ਹਾਲਾਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਪੈਸੇ ਹਾਲੇ ਤੱਕ ਨਹੀਂ ਦਿੱਤੇ ਗਏ। ਮੋਦੀ ਸਰਕਾਰ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ।

ਕਾਂਗਰਸੀ ਲੀਡਰ ਕੇਵਲ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਗੈਂਗਸਟਰ ਪੈਦਾ ਕੀਤੇ ਸੀ ਪਰ ਕੈਪਟਨ ਸਰਕਾਰ ਨੇ ਗੈਂਗਸਟਰਾਂ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਮੰਤਰੀ ਤੇ ਵਿਧਾਇਕ ਹਰ ਜਾਂਚ ਲਈ ਤਿਆਰ ਹਨ ਕਿਉਂਕਿ ਉਹ ਕਦੇ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਂਦੇ। ਬਿੱਟੂ ਸਰਪੰਚ ਦੀ ਕੈਪਟਨ ਨਾਲ ਫੋਟੋ ਬਾਰੇ ਉਨ੍ਹਾਂ ਕਿਹਾ ਕਿ ਬਾਕੀ ਸਰਪੰਚਾਂ ਵਾਂਗ ਉਸ ਨੂੰ ਵੀ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਸੀ। ਉਸ ਨੂੰ ਪਾਰਟੀ ਵਿੱਚ ਕਦੇ ਵੀ ਸ਼ਾਮਿਲ ਨਹੀਂ ਕੀਤਾ ਗਿਆ ਸੀ।

ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਾਰਟੀ ਨਾਲ ਕਦੇ ਵੀ ਨਾਰਾਜ਼ਗੀ ਨਹੀਂ ਸੀ। ਉਨ੍ਹਾਂ ਦੀ ਲੜਾਈ ਅਫ਼ਸਰਸ਼ਾਹੀ ਦੇ ਖਿਲਾਫ਼ ਸੀ। ਹੁਣ ਸਰਕਾਰ ਨੇ ਅਫ਼ਸਰਾਂ ਨੂੰ ਬਦਲ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਡੇ ਹੀ ਮੁੱਖ ਮੰਤਰੀ ਨੇ ਜਦੋਂ ਚਾਹਾਂਗੇ ਮਿਲ ਲਵਾਂਗੇ।