ਨਵਜੋਤ ਸਿੱਧੂ ਦਾ ਐਕਸ਼ਨ ਰੋਕਣ ਵਾਲੇ ਕਾਂਗਰਸੀ ਵਿਧਾਇਕ ਨੇ ਮੰਗੀ ਜਲੰਧਰ ਤੋਂ ਐਮਪੀ ਦੀ ਟਿਕਟ
ਏਬੀਪੀ ਸਾਂਝਾ | 07 Feb 2019 08:12 PM (IST)

ਇਮਰਾਨ ਖ਼ਾਨ ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਜਾਰੀ ਮੁਹਿੰਮ ਰੋਕ ਕੇ ਚਰਚਾ 'ਚ ਆਏ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਲੋਕ ਸਭਾ ਦੀ ਟਿਕਟ ਮੰਗੀ ਹੈ। ਜਲੰਧਰ ਦੱਖਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਜਲੰਧਰ ਤੋਂ ਐਮਪੀ ਟਿਕਟ ਲਈ ਵੀਰਵਾਰ ਨੂੰ ਰਸਮੀ ਤੌਰ 'ਤੇ ਅਪਲਾਈ ਕਰ ਦਿੱਤਾ। ਦੋ ਵਾਰ ਕੌਂਸਲਰ ਰਹਿਣ ਤੋਂ ਬਾਅਦ ਪਹਿਲੀ ਵਾਰ ਵਿਧਾਇਕ ਬਣੇ ਸੁਸ਼ੀਲ ਰਿੰਕੂ ਨੂੰ ਦੋਆਬਾ ਦੀ ਦਲਿਤ ਰਾਜਨੀਤੀ 'ਚ ਉੱਭਰਦੇ ਚਿਹਰੇ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਉਮੀਦਵਾਰ ਵਾਸਤੇ ਹਮੇਸ਼ਾ ਤੋਂ ਹੀ ਸੇਫ ਰਹੀ ਹੈ। ਆਜ਼ਾਦੀ ਤੋਂ ਬਾਅਦ ਹੁਣ ਤਕ ਸਿਰਫ ਦੋ ਵਾਰ ਹੀ ਇੱਥੋਂ ਗ਼ੈਰ ਕਾਂਗਰਸੀ ਐਮਪੀ ਬਣਿਆ ਹੈ। ਜਲੰਧਰ ਲੋਕ ਸਭਾ ਸੀਟ 'ਤੇ ਮੌਜੂਦਾ ਐਮਪੀ ਚੌਧਰੀ ਸੰਤੋਖ ਸਿੰਘ ਹਨ। ਪੰਜਾਬ ਦੇ ਵੱਡੇ ਦਲਿਤ ਲੀਡਰ ਰਹੇ ਮਾਸਟਰ ਗੁਰਬੰਤਾ ਸਿੰਘ ਦੇ ਛੋਟੇ ਬੇਟੇ ਚੌਧਰੀ ਸੰਤੋਖ ਸਿੰਘ ਦੀ ਐਮਪੀ ਦੇ ਤੌਰ 'ਤੇ ਪਰਫਾਰਮੈਂਸ ਵੀ ਠੀਕ ਹੀ ਰਹੀ ਹੈ। ਜਲੰਧਰ ਤੋਂ ਚੌਧਰੀ ਪਰਿਵਾਰ ਦਾ ਪੁਰਾਣਾ ਨਾਤਾ ਹੈ। ਚੌਧਰੀ ਪਰਿਵਾਰ ਨੇ ਕਾਂਗਰਸ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤਕ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਦਾਅਵੇਦਾਰੀ ਨੂੰ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਜਲੰਧਰ ਸੀਟ ਤੋਂ ਟਿਕਟ 'ਤੇ ਤੀਜੇ ਦਾਅਵੇਦਾਰ ਇੱਥੋਂ ਹੀ ਐਮਪੀ ਰਹਿ ਚੁੱਕੇ ਮਹਿੰਦਰ ਸਿੰਘ ਕੇਪੀ ਵੀ ਹਨ। ਪਿਛਲੀ ਵਾਰ ਪਾਰਟੀ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਸੀਟ ਤੋਂ ਟਿਕਟ ਦਿੱਤੀ ਸੀ ਜਿੱਥੋਂ ਉਹ ਬੀਜੇਪੀ ਉਮੀਦਵਾਰ ਵਿਜੇ ਸਾਂਪਲਾ ਤੋਂ ਦੋ ਫੀਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਕੇਪੀ ਵੀ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਟਿਕਟ ਚਾਹੁੰਦੇ ਹਨ। ਜਲੰਧਰ ਤੋਂ ਕਾਂਗਰਸ ਦੀ ਟਿਕਟ ਲਈ ਤਾਂ ਕਈ ਦਾਅਵੇਦਾਰ ਸਾਹਮਣੇ ਆ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਉਮੀਦਵਾਰ ਨਹੀਂ ਮਿਲ ਰਿਹਾ। ਸੂਤਰਾਂ ਮੁਤਾਬਿਕ ਪਾਰਟੀ ਦੇ ਕਈ ਲੀਡਰਾਂ ਨੇ ਇੱਥੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਹੈ।