Farmer Protest: ਅੰਦੋਲਨ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਪਿੰਡ ਚਾਚੋਕੀ, ਪੋਸਟ ਆਫਿਸ ਘੁਮਾਣ, ਥਾਣਾ ਘੁਮਾਣ, ਜਿਲ੍ਹਾ  ਗੁਰਦਾਸਪੁਰ ਵੱਜੋ ਹੋਈ ਹੈ। 


ਕਿਸਾਨ ਗਿਆਨ ਸਿੰਘ ਦੀ ਉਮਰ 79 ਸਾਲ ਸੀ ਅਤੇ ਇਹਨਾਂ ਨੇ 11 ਫਰਵਰੀ ਨੂੰ ਆਪਣੇ ਪਿੰਡ ਤੋਂ ਚਾਲੇ ਦਿੱਲੀ ਨੂੰ ਪਾਏ ਸਨ। ਅੱਜ ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਚਾਰ ਦਿਨ ਹੋ ਗਏ ਸਨ ਤਾਂ ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਕਾਰਨ ਗਿਆਨ ਸਿੰਘ ਦੀ ਮੌਤ ਹੋ ਗਈ ਹੈ। 


ਇਸ ਮੌਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਦੁੱਖ ਸਾਂਝਾ ਕੀਤਾ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ - ਸ਼ੰਭੂ ਬਾਰਡਰ 'ਤੇ #FarmersProtest2024 ਦੌਰਾਨ ਦੇਹਾਂਤ ਹੋਣ ਵਾਲੇ ਕਿਸਾਨ ਦੀ ਖ਼ਬਰ ਸੁਣ ਕੇ ਮੈਂ ਬਹੁਤ ਦੁੱਖ ਮਹਿਸੂਸ ਕਰਦਾ ਹਾਂ। ਸ੍ਰੀ ਹਰਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਾਚੋਕੇ ਦੇ ਰਹਿਣ ਵਾਲੇ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਨੂੰ ਕੱਲ੍ਹ ਦਿਲ ਦਾ ਦੌਰਾ ਪਿਆ।


2020-21 ਵਿੱਚ ਇੱਕ ਸਾਲ ਲੰਬੇ ਕਿਸਾਨ ਅੰਦੋਲਨ ਦੌਰਾਨ ਲਗਭਗ 700 ਕਿਸਾਨ ਸ਼ਹੀਦ ਹੋ ਗਏ ਸਨ। ਮੈਂ ਮੰਗ ਕਰਦਾ ਹਾਂ ਕਿ ਕੇਂਦਰ ਦੀ BJP ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨੀ ਬਣਾਉਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ‌।




13 ਫ਼ਰਵਰੀ ਤੋਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਸੇ ਦਿਨ ਤੋਂ ਹਰਿਆਣਾ ਸਰਕਾਰ ਵੀ ਕਿਸਾਨਾਂ 'ਤੇ 'ਤਸ਼ੱਦਦ' ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ ਹੈ। ਕਿਸਾਨਾਂ ਦੇ ਨਾਲ-ਨਾਲ ਭਾਜਪਾ ਵਿਰੋਧੀ ਧਿਰਾਂ ਵੱਲੋਂ ਵੀ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਇਸ ਲਈ ਕੋਸਿਆ ਜਾ ਰਿਹਾ ਹੈ ਪਰ ਇਸ ਮੌਕੇ ਭਾਜਪਾ ਤੇ ਵਿਰੋਧੀਆਂ ਨੂੰ ਜਿਸ ਦੀ ਚੁੱਪੀ ਸਭ ਤੋਂ ਵੱਧ ਰੜਕ ਰਹੀ ਹੈ ਉਹ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ।


ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ ਅਤੇ ਪੰਜਾਬ ਅਤੇ ਹਰਿਆਣਾ ਭਰ ਵਿੱਚ ਕਿਸਾਨਾਂ ਦਾ ਵਿਰੋਧ ਲਗਤਾਰ ਵਧ ਰਿਹਾ ਹੈ। ਇਸ ਮੌਕੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ 2020-21 ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਇੱਕ ਚਿਹਰਾ ਰਹੇ ਸੁਨੀਲ ਜਾਖੜ ਹੁਣ ਕਿਸਾਨਾਂ ਦੀਆਂ ਮੰਗਾਂ ਉੱਤੇ ਗ਼ਾਇਬ ਨਜ਼ਰ ਆ ਰਹੇ ਹਨ ਜਿਸ ਦਾ ਸਿੱਧਾ-ਸਿੱਧਾ ਕਾਰਨ ਤਾਂ ਇਹੀ ਜਾਪ ਰਿਹਾ ਹੈ ਕਿ ਪਹਿਲਾਂ ਕਾਂਗਰਸ ਦੇ ਪ੍ਰਧਾਨ ਸਨ ਤੇ ਹੁਣ ਇਸ ਵੇਲੇ ਉਨ੍ਹਾਂ ਕੋਲ ਪੰਜਾਬ ਭਾਜਪਾ ਦਾ ਕਮਾਂਡ ਹੈ ਤੇ ਉਸ ਮੌਕੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲ ਕੇ ਆਪਣੀ ਪ੍ਰਧਾਨਗੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ।