ਚੰਡੀਗੜ੍ਹ: ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ 7 ਜੂਨ ਨੂੰ ਚੰਡੀਗੜ੍ਹ ਵਿੱਚ ਸੀਨੀਅਰ ਅਕਾਲੀ ਆਗੂਆਂ ਨਾਲ ਹੋ ਰਹੀ ਮੀਟਿੰਗ 'ਤੇ ਕਾਂਗਰਸ ਨੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਾਦਲ ਅਮਿਤ ਸ਼ਾਹ ਤੋਂ ਮੇਘਾਲਿਆ ਵਿੱਚ ਹਿੰਸਾ, ਚੰਡੀਗੜ੍ਹ ਪੰਜਾਬ ਨੂੰ ਦੇਣ, ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਲਾਗੂ ਕਰਨ ਤੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਆਦਿ ਦੇਣ ਬਾਰੇ ਪੁੱਛਣ।


 

ਜਾਖੜ ਨੇ ਬਾਦਲਾਂ 'ਤੇ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਆ ਰਹੇ ਅਮਿਤ ਸ਼ਾਹ ਤੋਂ ਸਿਰਫ ਮਿਨਿਸਟਰੀ ਮੰਗ ਕੇ ਹੀ ਨਾ ਸਾਰ ਦਿਓ ਜਾਂ ਸਿਰਫ ਈਡੀ ਦੀ ਜਾਂਚ ਰੋਕਣ ਨੂੰ ਕਹਿ ਦਿਓ। ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਕਰਕੇ ਹੀ ਅਮਿਤ ਸ਼ਾਹ ਅਕਾਲੀਆਂ ਕੋਲ ਆ ਰਹੇ ਹਨ। ਇਸ ਲਈ ਅਕਾਲੀ ਰਾਹੁਲ ਦਾ ਧੰਨਵਾਦ ਕਰਨ।

ਯਾਦ ਰਹੇ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ 7 ਜੂਨ ਨੂੰ ਚੰਡੀਗੜ੍ਹ ਵਿੱਚ ਸੀਨੀਅਰ ਅਕਾਲੀ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਵਿੱਚ ਪੰਜਾਬ ਭਾਜਪਾ ਦੀ ਹਾਈਕਮਾਨ ਵੀ ਸ਼ਾਮਲ ਹੋਵੇਗੀ। ਅਮਿਤ ਸ਼ਾਹ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਮੀਟਿੰਗ ਕਰਨ ਵਾਸਤੇ ਪਹੁੰਚ ਰਹੇ ਹਨ। ਮੀਟਿੰਗ ਅਕਾਲੀ ਦਲ ਦੇ ਸੈਕਟਰ 28 ਸਥਿਤ ਦਫ਼ਤਰ ਵਿੱਚ ਹੋਵੇਗੀ।

ਪਿਛਲੇ ਸਮੇਂ ਵਿੱਚ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਕਈ ਮਤਭੇਦ ਵੀ ਉੱਭਰੇ ਹਨ। ਅਕਾਲੀ ਦਲ ਨੇ ਇਸ ਵਾਰ ਵੀ ਹਰਿਆਣਾ ਵਿੱਚ ਵੱਖਰੇ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਕਈ ਅਕਾਲੀ ਲੀਡਰ ਆਰਐਸਐਸ ਖਿਲਾਫ ਵੀ ਬੋਲਦੇ ਰਹਿੰਦੇ ਹਨ।