ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਵੱਲੋਂ ਯੂਨੀਫ਼ਾਰਮ ਸਿਵਲ ਕੋਡ (UCC) ਨੂੰ ਸਿਧਾਂਤਕ ਸਮਰਥਨ ਦੇਣ ਤੋਂ ਬਾਅਦ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਫ਼ਿਰਕੂ ਏਜੰਡੇ ਨੂੰ ਲਾਗੂ ਕਰ ਰਹੀ ਹੈ ਤੇ ਆਪ ਉਸ ਦਾ ਸਮਰਥਨ ਕਰ ਰਹੀ ਹੈ।


ਸੀਨੀਅਰ ਕਾਂਗਰਸੀ ਆਗੂ ਬਾਜਵਾ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਯੂਸੀਸੀ ਨੂੰ ਕਦੇ ਵੀ ਲੋਕਾਂ 'ਤੇ ਥੋਪਣਾ ਨਹੀਂ ਜਾਣਾ ਚਾਹੀਦਾ ਕਿਉਂਕਿ ਭਾਰਤ ਦਾ ਸੰਵਿਧਾਨ ਵੱਖ-ਵੱਖ ਧਰਮਾਂ, ਅਤੇ ਨਸਲਾਂ ਨਾਲ ਸਬੰਧਿਤ ਲੋਕਾਂ ਦੀ ਵਿਭਿੰਨਤਾ ਅਤੇ ਨਿੱਜੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਸੀਸੀ ਲਾਗੂ ਹੋ ਜਾਂਦੀ ਹੈ ਤਾਂ ਇਹ ਘੱਟ ਗਿਣਤੀ ਭਾਈਚਾਰੇ ਹੀ ਹੋਣਗੇ, ਜਿਨ੍ਹਾਂ ਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। 


ਬਾਜਵਾ ਨੇ ਕਿਹਾ ਕਿ ਯੂਸੀਸੀ ਲਾਗੂ ਹੋਣ ਨਾਲ ਦੇਸ਼ ਦਾ ਸਦਭਾਵਨਾ ਵਾਲਾ ਤੇ ਸ਼ਾਂਤ ਮਾਹੌਲ ਖ਼ਰਾਬ ਹੋ ਸਕਦਾ ਹੈ ਤੇ ਇਸ ਦੇ ਨਤੀਜਿਆਂ ਲਈ 'ਆਪ' ਵੀ ਜ਼ਿੰਮੇਵਾਰ ਹੋਵੇਗੀ। 


"ਯੂਸੀਸੀ ਦੀ ਤਿਆਰੀ ਦੇ ਨਾਲ, ਭਾਜਪਾ ਵੱਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਨਜਿੱਠਣ ਵਿੱਚ ਆਪਣੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਵੀ ਅਸਫਲ ਰਹੀ ਹੈ। ਇਸ ਦੌਰਾਨ, 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੇ ਏਜੰਡੇ ਨਾਲ, ਭਾਜਪਾ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਇਸ ਦੇ ਨਾਲ, ਬਹੁਗਿਣਤੀ ਭਾਈਚਾਰੇ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਣਗੇ", ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।


ਇੱਕ ਬਿਆਨ ਵਿਚ ਬਾਜਵਾ ਨੇ 'ਆਪ' ਨੂੰ ਪੁੱਛਿਆ ਕਿ ਜਦੋਂ 'ਆਪ' ਆਪਣੇ ਆਕਾ - ਭਾਜਪਾ - ਦੀ ਲੀਹ 'ਤੇ ਚੱਲ ਰਹੀ ਹੈ ਤਾਂ ਇਸ ਨੂੰ ਭਾਜਪਾ ਦੀ 'ਬੀ ਟੀਮ' ਕਿਉਂ ਨਹੀਂ ਕਿਹਾ ਜਾਣਾ ਚਾਹੀਦਾ।


"ਇਸ ਤੋਂ ਪਹਿਲਾਂ ਅਗਸਤ 2019 ਵਿੱਚ, 'ਆਪ' ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਜਦੋਂ ਭਾਜਪਾ ਨੇ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਪੂਰੇ ਸੂਬੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਸੀ। ਪਰ ਹੁਣ 'ਝਾੜੂ ਪਾਰਟੀ' (ਆਪ) ਸੰਘਵਾਦ 'ਤੇ ਭੜਾਸ ਕੱਢ ਰਹੀ ਹੈ", ਬਾਜਵਾ ਨੇ ਅੱਗੇ ਕਿਹਾ।