Punjab Election: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਹੁਣ ਤੱਕ 86 ਉਮੀਦਵਾਰਾਂ ਦੇ ਨਾਂ ਐਲਾਨੇ ਜਾ ਚੁੱਕੇ ਹਨ। ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਕਈ ਆਗੂਆਂ ਦੀ ਬਗਾਵਤ ਕਾਰਨ ਬਾਕੀ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਕਾਂਗਰਸ ਵਧੇਰੇ ਸੁਚੇਤ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਸੂਬੇ ਦੇ ਬਾਕੀ 31 ਉਮੀਦਵਾਰਾਂ ਦਾ ਐਲਾਨ 22 ਜਨਵਰੀ ਨੂੰ ਕਰ ਸਕਦੀ ਹੈ।


ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਕਾਂਗਰਸ ਪਾਰਟੀ ਨੇ 22 ਜਨਵਰੀ ਨੂੰ ਅਹਿਮ ਮੀਟਿੰਗ ਬੁਲਾਈ ਹੈ। ਇਸ ਬੈਠਕ 'ਚ ਕਾਂਗਰਸ ਬਾਕੀ 31 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕਰੇਗੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 31 'ਚੋਂ ਕਾਂਗਰਸ ਨੇ 10 ਉਮੀਦਵਾਰ ਫਾਈਨਲ ਕਰ ਲਏ ਹਨ, ਜਦਕਿ 21 ਸੀਟਾਂ 'ਤੇ ਸਹਿਮਤੀ ਹੋਣੀ ਬਾਕੀ ਹੈ।


'ਦ ਟ੍ਰਿਬਿਊਨ' ਦੀ ਰਿਪੋਰਟ ਵਿੱਚ ਪਹਿਲਾਂ ਹੀ ਐਲਾਨੀਆਂ ਗਈਆਂ ਦੋ ਸੀਟਾਂ 'ਤੇ ਉਮੀਦਵਾਰ ਬਦਲਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸੀਨੀਅਰ ਆਗੂ ਦੇ ਹਵਾਲੇ ਨਾਲ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਆਦਮਪੁਰ ਤੇ ਮਜੀਠਾ ਸੀਟਾਂ ਲਈ ਉਮੀਦਵਾਰ ਬਦਲਣ ਬਾਰੇ ਵਿਚਾਰ ਕਰ ਰਹੀ ਹੈ।


ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਕਿਸ ਨੂੰ ਮਿਲੇਗੀ ਟਿਕਟ


ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਫਿਰੋਜ਼ਪੁਰ (ਦਿਹਾਤੀ) ਤੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਆਸ਼ੂ ਬੰਗੜ ਨੂੰ ਟਿਕਟ ਦੇਵੇਗੀ। ਇਸ ਤੋਂ ਇਲਾਵਾ ਕਾਂਗਰਸ 'ਚ ਵਾਪਸੀ ਕਰ ਚੁੱਕੇ ਸਾਬਕਾ ਮੇਅਰ ਵਿਨੋਦ ਸ਼ਰਮਾ ਨੂੰ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ।


ਕਾਂਗਰਸ ਪਾਰਟੀ ਇੱਕ ਹੀ ਪਰਿਵਾਰ ਦੇ ਇੱਕ ਵਿਅਕਤੀ ਨੂੰ ਟਿਕਟ ਦੇਣ ਦੇ ਆਪਣੇ ਐਲਾਨ 'ਤੇ ਅੜੀ ਹੋਈ ਹੈ। ਕਾਂਗਰਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੈਬਨਿਟ ਮੰਤਰੀਆਂ ਰਾਣਾ ਗੁਰਜੀਤ ਤੇ ਰਜਿੰਦਰ ਬਾਜਵਾ ਦੇ ਪੁੱਤਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ।



ਇਹ ਵੀ ਪੜ੍ਹੋ: ਕਿਤੇ ਤੁਹਾਡੇ ਵੀ PAN Card ਦੀ ਤਾਂ ਨਹੀਂ ਦੁਰਵਰਤੋਂ ਹੋ ਰਹੀ? ਇਸ ਤਰ੍ਹਾਂ ਚੈੱਕ ਕਰੋ ਪੂਰੀ ਹਿਸਟਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904