Punjab News: ਪੰਜਾਬ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਕਥਿਤ ਰਣਨੀਤੀ ਹੁਣ ਜ਼ਮੀਨ 'ਤੇ ਹਿੰਸਾ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਦੇ ਸਮਰਥਕਾਂ ਨੇ ਕਾਂਗਰਸੀ ਵਰਕਰ ਦਿਲਾਵਰ ਸਿੰਘ 'ਤੇ ਬੇਰਹਿਮੀ ਨਾਲ ਹਮਲਾ ਕੀਤਾ।
ਖਹਿਰਾ ਨੇ ਘਟਨਾ ਦੀ ਵੀਡੀਓ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੀ ਕਥਿਤ "ਸਾਮ, ਦਾਮ, ਡੰਡ, ਭੇਦ" ਰਣਨੀਤੀ ਦਾ ਨਤੀਜਾ ਹੈ, ਜਿਸਦਾ ਉਨ੍ਹਾਂ ਨੇ ਹਾਲ ਹੀ ਵਿੱਚ ਜ਼ਿਕਰ ਕੀਤਾ ਸੀ। ਕਾਂਗਰਸ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਅਤੇ ਡੀਜੀਪੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਹਮਲਾਵਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ।
ਇਸਦੀ ਇੱਕ ਵੀਡੀਓ ਵਿਧਾਇਕ ਖਹਿਰਾ ਨੇ ਵੀ ਸਾਂਝੀ ਕੀਤੀ ਹੈ। ਜਿਸ ਵਿੱਚ ਖੂਨ ਨਾਲ ਲੱਥਪੱਥ ਵਿਅਕਤੀ 'ਆਪ' ਵਿਧਾਇਕ 'ਤੇ ਗੰਭੀਰ ਦੋਸ਼ ਲਗਾ ਰਿਹਾ ਹੈ। ਜ਼ਖਮੀ ਦਿਲਾਵਰ ਸਿੰਘ ਕਹਿ ਰਿਹਾ ਹੈ ਕਿ 'ਆਪ' ਵਿਧਾਇਕ ਬਲਜਿੰਦਰ ਕੌਰ, ਉਸਦੇ ਪਿਤਾ ਦਰਸ਼ਨ ਸਿੰਘ ਤੇ ਵਿਧਾਇਕ ਦੇ ਦੋਵੇਂ ਭਰਾਵਾਂ ਅਤੇ ਕਈ ਹੋਰ 'ਆਪ' ਆਗੂਆਂ ਨੇ ਉਸ ਉੱਤੇ ਹਮਲਾ ਕੀਤਾ ਹੈ।
ਦਿਲਾਵਰ ਸਿੰਘ ਨੇ ਕਿਹਾ- ਜੇ ਮੈਨੂੰ ਕੁਝ ਹੁੰਦਾ ਹੈ, ਤਾਂ ਇਹ ਸਾਰੇ ਲੋਕ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ ਕਿਉਂਕਿ ਉਨ੍ਹਾਂ ਨੇ ਗੁੰਡੇ ਭੇਜੇ ਤੇ ਮੇਰੀਆਂ ਲੱਤਾਂ ਤੋੜ ਦਿੱਤੀਆਂ। ਟੋਲ ਪਲਾਜ਼ਾ ਨੇੜੇ ਚੰਨੋ ਸ਼ਰਮਾ ਢਾਬੇ 'ਤੇ ਲਗਭਗ 15 ਤੋਂ 20 ਲੋਕ ਇਕੱਠੇ ਹੋਏ ਅਤੇ ਹਮਲਾ ਕਰ ਦਿੱਤਾ।ਮੈਨੂੰ ਧਮਕੀ ਦਿੱਤੀ ਗਈ ਹੈ ਕਿ ਤੁਹਾਡੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਵੇਗਾ ਤੇ ਤੈਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਂ ਮੰਗ ਕਰਦਾ ਹਾਂ ਕਿ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਦਿਲਾਵਰ ਸਿੰਘ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਅਤੇ ਰਾਜਨੀਤਿਕ ਦਬਾਅ ਪਾਉਣ ਦਾ ਵੀ ਦੋਸ਼ ਲਗਾਇਆ ਹੈ।