ਗੁਰਦਾਸਪੁਰ: ਪੰਜਾਬ ਦੀ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੱਜ ਦੀਨਾਨਗਰ ਨੇੜਿਓਂ ਇੱਕ ਤਸਕਰ ਦੀ ਸ਼ਹਿ 'ਤੇ 1 ਕਿਲੋ ਆਰਡੀਐਕਸ ਅਤੇ ਤਿੰਨ ਡੈਟੋਨੇਟਰ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪਿੰਡ ਭੈਣੀ ਮੀਆਂ ਖਾਂ ਤੋਂ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ ਤੇ ਦੋ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ।


ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਲੋਪੋਕੇ ਇਲਾਕੇ ਦੇ ਪਿੰਡ ਕੱਕੜ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਪਹਿਲਾਂ ਤੋਂ ਹੀ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਨ। ਪੁੱਛਗਿੱਛ ਦੌਰਾਨ ਮੁਲਜ਼ਮ ਸੁਖਵਿੰਦਰ ਨੇ ਪੁਲੀਸ ਨੂੰ ਆਰ.ਡੀ.ਐਕਸ. ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਸਥਾਨ 'ਤੇ ਪਹੁੰਚ ਕੇ 1 ਕਿਲੋ ਆਰਡੀਐਕਸ ਅਤੇ ਤਿੰਨ ਡੈਟੋਨੇਟਰ ਬਰਾਮਦ ਕੀਤੇ। ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ। ਹੈਰੋਇਨ ਦੇ ਨਾਲ-ਨਾਲ ਉਹ ਸਰਹੱਦ ਪਾਰ ਤੋਂ ਹਥਿਆਰਾਂ ਦੀ ਖੇਪ ਮੰਗਵਾਉਂਦਾ ਰਹਿੰਦਾ ਹੈ।


ਇਸ ਤੋਂ ਇਲਾਵਾ ਗੁਰਦਾਸਪੁਰ ਪੁਲਿਸ ਨੇ ਬੀਤੇ ਦਿਨੀਂ ਟੀ ਪੁਆਇੰਟ ਧੁੱਸੀ ਡੈਮ ਸ਼ਾਹਪੁਰ ਬੇਟ ਤੋਂ ਦੋ ਨੌਜਵਾਨਾਂ ਰਾਜ ਸਿੰਘ ਅਤੇ ਜਸਮੀਤ ਸਿੰਘ ਵਾਸੀ ਮਾੜੀ ਮੀਆਂ ਟਾਂਗਾ ਜ਼ਿਲ੍ਹਾ ਗੁਰਦਾਸਪੁਰ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਸੀ। ਦੋਵੇਂ ਨੌਜਵਾਨ ਬਾਈਕ 'ਤੇ ਸਵਾਰ ਸਨ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਪਿਸਤੌਲ ਬਰਾਮਦ ਹੋਇਆ। ਦੋਵੇਂ ਮੁਲਜ਼ਮ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਸਨ, ਜਦੋਂ ਮੁਲਜ਼ਮਾਂ ਨੇ ਗੁਰਦਾਸਪੁਰ ਪੁਲੀਸ ਨੂੰ ਦੋ ਹੈਂਡ ਗ੍ਰੇਨੇਡ ਹੋਣ ਦੀ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਭੈਣੀ ਮੀਆਂ ਖਾ ਦੀ ਤਲਾਸ਼ੀ ਲਈ ਤਾਂ ਦੋ ਹੈਂਡ ਗ੍ਰੇਨੇਡ ਮਿਲੇ।


ਦੀਨਾਨਗਰ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ। ਜਿੱਥੇ ਇਹ ਇਲਾਕਾ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦਾ ਹੈ, ਉੱਥੇ ਹੀ ਦੂਜੇ ਪਾਸੇ ਪਠਾਨਕੋਟ ਇੱਥੋਂ ਸਿਰਫ਼ 32 ਕਿਲੋਮੀਟਰ ਦੂਰ ਹੈ। ਸਰਹੱਦ ਦੇ ਨੇੜੇ ਹੋਣ ਕਾਰਨ ਇੱਥੇ ਕਈ ਵਾਰ ਡਰੋਨ ਗਤੀਵਿਧੀਆਂ ਹੁੰਦੀਆਂ ਰਹੀਆਂ ਹਨ।


ਕੁਝ ਦਿਨ ਪਹਿਲਾਂ ਪਠਾਨਕੋਟ 'ਚ ਆਰਮੀ ਕੈਂਟ ਦੇ ਗੇਟ 'ਤੇ ਗ੍ਰੇਨੇਡ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਵਰਤੇ ਗਏ ਗ੍ਰੇਨੇਡ ਦੀ ਕਿਸਮ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਕੋਲੋਂ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਨਾਲ ਮੇਲ ਖਾਂਦੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਹੈਂਡ ਗ੍ਰਨੇਡ ਹਮਲੇ ਵਿੱਚ ਵੀ ਇਨ੍ਹਾਂ ਦਾ ਹੱਥ ਹੋ ਸਕਦਾ ਹੈ। ਪੁਲਿਸ ਅਤੇ ਹੋਰ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। 


ਕਿਉਕਿ ਇਸ ਇਲਾਕੇ ਤੇ ਹਮੇਸ਼ਾ ਦਹਿਸ਼ਤ ਦੀ ਕਾਲੀ ਨਜ਼ਰ ਰਹੀ ਹੈ, 27 ਜੁਲਾਈ 2015 'ਚ ਦੀਨਾਨਗਰ ਪੁਲਿਸ ਸਟੇਸ਼ਨ ਤੇ ਫੌਜ ਦੀ ਵਰਦੀ 'ਚ ਆਏ ਦਹਿਸ਼ਤਗਰਦਾਂ ਨੇ ਅਟੈਕ ਕੀਤਾ ਸੀ, 12 ਘੰਟੇ ਚੱਲੇ ਇਸ ਔਪਰੇਸ਼ਨ 'ਚ ਕਈ ਕੀਮਤੀ ਜਾਨਾਂ ਗਈਆਂ ਸੀ, ਇਸੇ ਤੋਂ 6 ਮਹੀਨੇ ਬਾਅਦ ਇੱਕ ਵਾਰ ਮੁੜ ਤੋਂ ਪਠਾਨਕੋਟ ਉਦੋਂ ਕੰਬਿਆ ਜਦੋਂ 2 ਜਨਵਰੀ 2016 'ਚ ਪਠਾਨਕੋਟ ਏਅਰ ਫੋਰਸ ਸਟੇਸ਼ਨ ਤੇ ਹਮਲਾ ਹੋਇਆ। 17 ਘੰਟੇ ਅਪਰੇਸ਼ਨ ਚੱਲਿਆ, ਇੰਨੇ ਵੱਡੇ ਹਮਲਿਆਂ ਤੋਂ ਬਾਅਦ ਮੁਸਤੈਦੀ ਵਧਾਈ ਗਈ ਪਰ ਅਜੇ ਵੀ ਸਰਹੱਦ ਦੇ ਇਸ ਹਿੱਸੇ ਤੇ ਦਹਿਸ਼ਤ ਦਾ ਸਾਇਆ ਵਾਰ-ਵਾਰ ਨਜ਼ਰ ਆਉਂਦਾ ਰਹਿੰਦਾ ਹੈ। 


ਕਦੇ ਵਿਸਫੋਟਕ ਮਿਲਦਾ ਕਦੇ ਗ੍ਰਨੇਡ ਸੁੱਟੇ ਜਾਂਦੇ ਨੇ ਅਤੇ ਕਦੇ ਟਰੱਕ ਚੋਂ ਹਥਿਆਰ ਮਿਲਦੇ ਹਨ। ਹੁਣ ਇੱਕ ਹੋਰ ਸਾਜਿਸ਼ ਬੇਪਰਦਾ ਹੋਈ ਹੈ ਪਰ ਅਜੇ ਵੀ ਕਈ ਸਵਾਲ ਅਜਿਹੇ ਨੇ ਜਿੰਨਾਂ ਦੇ ਜਵਾਬ ਪੁਲਿਸ ਤਲਾਸ਼ ਰਹੀ ਹੈ।