Punjab News: ਸੋਮਵਾਰ ਤੜਕੇ ਜਲੰਧਰ ਜ਼ਿਲ੍ਹੇ ’ਚ ਫਿਲੌਰ ਲਾਗਲੇ ਨੰਗਲ ਪਿੰਡ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੇ ਆਲੇ-ਦੁਆਲੇ ਲਾਏ ਗਏ ਇੱਕ ਸ਼ੀਸ਼ੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਦਿੱਤਾ ਗਿਆ। ਇਸ ਮਾਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਵੱਲੋਂ ਲਈ ਗਈ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਦੇ ਕੇ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਤੋਂ ਬਾਅਦ, ਹੁਣ ਫਿਲੌਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਉੱਪਰ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ ਗਿਆ ਹੈ ਅਤੇ ਇਸ ਉੱਪਰ ਵੱਖਵਾਦੀ ਨਾਅਰਿਆਂ ਨਾਲ ਸਪਰੇਅ ਪੇਂਟ ਕੀਤਾ ਗਿਆ ਹੈ। 

ਬਾਦਲ ਨੇ ਕਿਹਾ ਕਿ ਇਹ ਘਟਨਾ ਪੰਜਾਬ ਵਿੱਚ ਵੰਡੀਆਂ ਪਾਉਣ ਦੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ ਤਾਂ ਜੋ ਸੂਬੇ 'ਤੇ ਕਬਜ਼ਾ ਕਰਨ ਵਾਲੀਆਂ ਫਿਰਕੂ ਤਾਕਤਾਂ ਨੂੰ ਮੱਦਦ ਮਿਲ ਸਕੇ। ਸ਼੍ਰੋਮਣੀ ਅਕਾਲੀ ਦਲ ਇਸ ਘਿਨਾਉਣੇ ਕੰਮ ਦੀ ਨਿੰਦਾ ਕਰਦਾ ਹੈ ਅਤੇ ਇਸਦੀ ਨਿਆਂਇਕ ਜਾਂਚ ਦੀ ਮੰਗ ਕਰਦਾ ਹੈ। ਮੈਂ ਪੰਜਾਬੀਆਂ ਨੂੰ ਇਸ ਮੌਕੇ ਸ਼ਾਂਤ ਰਹਿਣ ਦੀ ਅਪੀਲ ਕਰਦੀ ਹਾਂ ।

ਜ਼ਿਕਰ ਕਰ ਦਈਏ ਕਿ ਸ਼ੀਸ਼ੇ ਵਿੱਚ ਬੰਦ ਬੁੱਤ ਉਤੇ ਖਾਲਿਸਤਾਨ ਪੱਖੀ ਨਾਅਰੇ ਤੇ ਸ਼ੀਸ਼ੇ ‘ਤੇ “ਸਿੱਖ ਹਿੰਦੂ ਨਹੀਂ ਹਨ ਲਿਖਿਆ ਗਿਆ ਹੈ। ਇੱਕ ਕਥਿਤ ਵੀਡੀਓ ਵਿੱਚ, SFJ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਡਾ. ਅੰਬੇਡਕਰ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਉਤੇ ਭਾਰਤੀ ਸੰਵਿਧਾਨ ਦੇ ਖਰੜੇ ਵਿੱਚ ਆਪਣੀ ਭੂਮਿਕਾ ਰਾਹੀਂ ਸਿੱਖ ਪਛਾਣ ਨੂੰ ਮਿਟਾਉਣ ਵਿੱਚ ਯੋਗਦਾਨ ਪਾਉਣ ਦਾ ਦੋਸ਼ ਲਗਾਇਆ।