Punjab News: ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਬਟਾਲਾ ਦੇ ਮੀਆਂ ਮੁਹੱਲੇ 'ਚ ਲੱਗੇ ਭਾਰਤ ਰਤਨ ਬਾਬਾ ਸਾਹਿਬ ਦੇ ਬੁੱਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੀਤੀ ਰਾਤ ਨੁਕਸਾਨ ਪਹੁੰਚਾਇਆ ਗਿਆ। ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਬੁੱਤਾਂ ਨਾਲ ਹੋ ਰਹੀਆਂ ਲਗਾਤਾਰ ਬੇਅਦਬੀ ਦੇ ਕਾਰਨ ਦਲਿਤ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ।
ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਬਟਾਲਾ ਵਿਖੇ ਬਾਬਾ ਸਾਹਿਬ ਭੀਮ ਰਾਓ ਜੀ ਅੰਬੇਡਕਰ ਦੇ ਬੁੱਤ 'ਤੇ ਹੋਇਆ ਹਮਲਾ ਬਹੁਤ ਹੀ ਨਿੰਦਣਯੋਗ ਹੈ, ਇਹ ਡਾ. ਅੰਬੇਡਕਰਜੀ ਦੁਆਰਾ ਸਥਾਪਿਤ ਕੀਤੀਆਂ ਗਈਆਂ ਕਦਰਾਂ-ਕੀਮਤਾਂ, ਸਮਾਨਤਾ, ਨਿਆਂ ਅਤੇ ਵਿਤਕਰੇ ਦੇ ਖਾਤਮੇ ਵਿਰੁੱਧ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ।
ਬਾਦਲ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਪਿਤਾਮਾ ਅਤੇ ਪ੍ਰਮੁੱਖ ਰਾਸ਼ਟਰ ਨਿਰਮਾਤਾ ਹੋਣ ਦੇ ਨਾਤੇ, ਉਨ੍ਹਾਂ ਦੇ ਅਕਸ 'ਤੇ ਕੋਈ ਵੀ ਹਮਲਾ ਘੱਟ ਗਿਣਤੀਆਂ ਸਮੇਤ ਦੱਬੇ-ਕੁਚਲੇ ਲੋਕਾਂ ਅਤੇ ਗੁਰੂ ਸਾਹਿਬਾਨ ਦੁਆਰਾ ਸਿਖਾਏ ਗਏ ਆਦਰਸ਼ਾਂ ‘ਤੇ ਹਮਲਾ ਹੈ । ਪੰਜਾਬ ਵਿੱਚ ਅਜਿਹੇ ਸਾਜਿਸ਼ੀ ਹਮਲੇ ਲਗਾਤਾਰ ਵਧ ਰਹੇ ਹਨ, ਜਿਸ ਵਿੱਚ ਹਾਲ ਹੀ ‘ਚ ਵਾਪਰੀ ਬਟਾਲੇ ਦੀ ਘਟਨਾ ਹੈ ।
ਬਾਦਲ ਨੇ ਕਿਹਾ ਕਿ 'ਆਪ ਸਰਕਾਰ’ ਵੱਲੋਂ ਇਹਨਾਂ ਘਟਨਾਵਾਂ ਵਿਰੁੱਧ ਕੋਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਤੇ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ? ਰਾਜਨੀਤਿਕ ਤਾਕਤਾਂ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਇਨ੍ਹਾਂ ਸਥਿਤੀਆਂ ਕਰਕੇ ਸੂਬੇ ਦੀ ਅਮਨ ਸ਼ਾਂਤੀ ਤੇ ਸਦਭਾਵਨਾ ਖਤਰੇ ਵਿੱਚ ਹੈ । ਸ੍ਰੀ ਅੰਮ੍ਰਿਤਸਰ ਸਾਹਿਬ , ਫਿਲੌਰ ਅਤੇ ਬਟਾਲਾ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਚੌਕਸ ਰਹਿਣ ਅਤੇ ਇਨ੍ਹਾਂ ਦੋਸ਼ੀਆਂ ਨੂੰ ਬੇਨਕਾਬ ਕਰਨ ਦੀ ਅਪੀਲ ਕਰਦਾ ਹਾਂ ।
ਜ਼ਿਕਰ ਕਰ ਦਈਏ ਕਿ ਇਸ ਦਾ ਘਟਨਾ ਦਾ ਪਤਾ ਬੁੱਧਵਾਰ ਸਵੇਰੇ 9 ਵਜੇ ਤੋਂ ਬਾਅਦ ਲੱਗਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ 'ਚ ਪਹੁੰਚ ਗਿਆ ਹੈ, ਉੱਥੇ ਲੋਕਾਂ 'ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਮੌਕੇ 'ਤੇ ਪੁੱਜੇ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ। ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਸਬੰਧੀ ਸਵੇਰੇ 9:15 'ਤੇ ਸੂਚਨਾ ਮਿਲੀ ਹੈ। ਉਹਨਾਂ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਕਿ ਕਿਸ ਨੇ ਬੁੱਤ ਨਾਲ ਛੇੜਖਾਨੀ ਕੀਤੀ ਹੈ।