ਗਗਨਦੀਪ ਸ਼ਰਮਾ


ਅੰਮ੍ਰਿਤਸਰ: ਯੂਥ ਅਕਾਲੀ ਦਲ 'ਚ ਪ੍ਰਧਾਨਗੀਆਂ ਨੂੰ ਲੈ ਕੇ ਪੁਆੜਾ ਸ਼ੁਰੂ ਹੋ ਗਿਆ ਹੈ। ਅੱਜ ਮਾਝੇ ਨਾਲ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨਾਂ 'ਤੇ ਸਹਿਮਤੀ ਨਹੀਂ ਬਣ ਸਕੀ। ਸਿਰਫ਼ ਦੋ ਜ਼ਿਲ੍ਹਿਆਂ ਦੇ ਪ੍ਰਧਾਨ ਹੀ ਐਲਾਨੇ ਗਏ ਤੇ ਬਾਕੀਆਂ ਦਾ ਐਲਾਨ ਟਾਲ ਦਿੱਤਾ ਗਿਆ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿੱਚ ਯੂਥ ਅਕਾਲੀ ਦਲ ਦੇ ਸਾਰੇ ਜ਼ੋਨਾਂ ਵਿੱਚ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ। ਇਸ ਮਗਰੋਂ ਮਾਲਵਾ ਜ਼ੋਨ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨ ਐਲਾਨੇ ਜਾ ਚੁੱਕੇ ਹਨ ਪਰ ਅੰਮ੍ਰਿਤਸਰ ਸਮੇਤ ਮਾਝਾ ਜ਼ੋਨ ਨਾਲ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨ ਹਾਲੇ ਤੱਕ ਨਹੀਂ ਐਲਾਨੇ ਜਾ ਸਕੇ।

ਇਸ ਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਵਿੱਚ ਇਨ੍ਹਾਂ ਦੇ ਨਾਵਾਂ 'ਤੇ ਪਾਰਟੀ ਦੇ ਆਗੂਆਂ ਦੀ ਆਪਸ ਵਿੱਚ ਸਹਿਮਤੀ ਨਹੀਂ ਬਣ ਸਕੀ। ਇਸੇ ਕਰਕੇ ਹੀ ਅੱਜ ਅਕਾਲੀ ਦਲ ਵੱਲੋਂ ਸਿਰਫ਼ ਦੋ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਦੇ ਹੀ ਪ੍ਰਧਾਨ ਐਲਾਨੇ ਗਏ ਜਦਕਿ ਅੰਮ੍ਰਿਤਸਰ, ਤਰਨ ਤਾਰਨ ਦੇ ਪ੍ਰਧਾਨਾਂ ਦਾ ਨਾਮ ਹਾਲੇ ਵੀ ਠੰਢੇ ਬਸਤੇ ਵਿੱਚ ਹੀ ਪਿਆ ਦਿਖਾਈ ਦਿੱਤਾ।

'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਪਾਰਟੀ ਆਗੂ ਆਪਣੇ ਬੱਚਿਆਂ ਦੇ ਨਾਂ ਅੱਗੇ ਵਧਾ ਰਹੇ ਹਨ ਪਰ ਕੁਝ ਹੋਰ ਲੀਡਰ ਸਿਆਸੀ ਪਿਛੋਕੜ ਵਾਲੇ ਨਾ ਹੋਣ ਦੇ ਬਾਵਜੂਦ ਦਾਅਵੇਦਾਰੀ ਰੱਖ ਰਹੇ ਹਨ। ਇਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਤੇ ਬਿਕਰਮ ਸਿੰਘ ਮਜੀਠੀਆ ਦਾ ਵੀ ਥਾਪੜਾ ਪ੍ਰਾਪਤ ਹੈ। ਇਸ ਕਾਰਨ ਇਨ੍ਹਾਂ ਦੇ ਨਾਵਾਂ 'ਤੇ ਆਮ ਸਹਿਮਤੀ ਨਹੀਂ ਬਣ ਸਕੀ।

ਦੂਜੇ ਪਾਸੇ ਅਕਾਲੀ ਦਲ ਵੀ ਪਿਛਲੇ ਸਮੇਂ ਹੋਈਆਂ ਗਲਤੀਆਂ ਤੋਂ ਬਾਅਦ ਫੂਕ-ਫੂਕ ਕੇ ਪੈਰ ਰੱਖ ਰਿਹਾ ਹੈ ਤਾਂ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੇ। 'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕੋਲ ਪਹੁੰਚਿਆ ਹੈ। ਭਲਕੇ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਆਉਣ ਤੋਂ ਬਾਅਦ ਹੀ ਇਨ੍ਹਾਂ ਦੇ ਨਾਮ ਸਪੱਸ਼ਟ ਹੋਣ ਦੀ ਸੰਭਾਵਨਾ ਹੈ ਜਦਕਿ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਇਸ ਨੂੰ ਰੁਟੀਨ ਮੈਟਰ ਦੱਸ ਰਹੇ ਹਨ।

ਅੱਜ ਅੰਮ੍ਰਿਤਸਰ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਰਮਨਜੀਤ ਸਿੰਘ ਸੰਧੂ ਨੂੰ ਗੁਰਦਾਸਪੁਰ ਤੇ ਜਸਪ੍ਰੀਤ ਸਿੰਘ ਰਾਣਾ ਨੂੰ ਪਠਾਨਕੋਟ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਹਲੋਂ ਨੇ ਕਿਹਾ ਕਿ ਪਾਰਟੀ ਵੱਲੋਂ ਛੇਤੀ ਹੀ ਅੰਮ੍ਰਿਤਸਰ ਤੇ ਤਰਨ ਤਾਰਨ ਨਾਲ ਸਬੰਧਤ ਜ਼ਿਲ੍ਹਾ ਪ੍ਰਧਾਨ ਐਲਾਨ ਦਿੱਤੇ ਜਾਣਗੇ।