ਅੰਮ੍ਰਿਤਸਰ: ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰਨ ਵਾਲੇ ਖੁਦ ਹੀ ਖਿੱਲ੍ਹਰ ਗਏ ਹਨ। ਬਰਗਾੜੀ ਇਨਸਾਫ਼ ਮੋਰਚਾ ਦੇ ਲੀਡਰ ਦੋਫਾੜ ਹੋ ਗਏ ਹਨ। ਇਸ ਨਾਲ ਸਿੱਖ ਸੰਗਤਾਂ ਵੀ ਨਿਰਾਸ਼ ਹਨ। ਦਰਅਸਲ ਬਰਗਾੜੀ ਇਨਸਾਫ਼ ਮੋਰਚਾ ਖਤਮ ਕਰਨ ਬਾਰੇ ਫੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਹੋ ਗਿਆ ਹੈ। ਜਥੇਦਾਰ ਦਾਦੂਵਾਲ ਨੇ ਮੋਰਚੇ ਦੇ ਦੂਜੇ ਪੜਾਅ ਨਾਲੋਂ ਦੂਰੀ ਬਣਾ ਲਈ ਹੈ।


ਜਥੇਦਾਰ ਦਾਦੂਵਾਲ ਨੇ ਰੋਸ ਪ੍ਰਗਟ ਕਰਦਿਆਂ ਜਥੇਦਾਰ ਮੰਡ ਦੇ ਬਰਗਾੜੀ ਮੋਰਚਾ ਖਤਮ ਕਰਨ ਦੇ ਫ਼ੈਸਲੇ ਨੂੰ ਨਾਦਰਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਨੇ 20 ਦਸੰਬਰ ਨੂੰ ਫਤਹਿਗੜ੍ਹ ਸਾਹਿਬ ’ਚ ਰੱਖੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਇਸ ਸੰਘਰਸ਼ ਨੂੰ ਆਪਣੇ ਤੌਰ ’ਤੇ ਵੱਖ ਰੂਪ ਵਿੱਚ ਅਗਾਂਹ ਚਲਾਉਣਗੇ। ਇਸੇ ਤਰ੍ਹਾਂ ਤੀਜੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਪਹਿਲਾਂ ਹੀ ਇਸ ਮੋਰਚੇ ਤੋਂ ਵੱਖ ਹੋ ਚੁੱਕੇ ਹਨ।

ਉਧਰ, ਜਥੇਦਾਰ ਮੰਡ ਨੇ ਆਖਿਆ ਕਿ ਬਾਕੀ ਜਥੇਦਾਰਾਂ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਕਿਸੇ ਗ਼ਲਤਫ਼ਹਿਮੀ ਕਾਰਨ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਵਤੀਰੇ ਪ੍ਰਤੀ ਕੋਈ ਇਤਰਾਜ਼ ਹਨ ਤਾਂ ਉਹ ਖ਼ੁਦ ਇਹ ਨਾਰਾਜ਼ਗੀ ਦੂਰ ਕਰਨਗੇ। ਫਤਹਿਗੜ੍ਹ ਸਾਹਿਬ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਉਹ ਨਾਰਾਜ਼ ਹੋਏ ਮੁਤਵਾਜ਼ੀ ਜਥੇਦਾਰਾਂ ਨੂੰ ਜਲਦੀ ਹੀ ਮਨਾ ਲੈਣਗੇ। ਉਨ੍ਹਾਂ ਆਖਿਆ ਕਿ ਮੋਰਚੇ ਦਾ ਪਹਿਲਾ ਪੜਾਅ ਸਫ਼ਲ ਰਿਹਾ ਹੈ ਤੇ ਸਮੁੱਚੀ ਕੌਮ ਇਕ ਮੰਚ ’ਤੇ ਇਕੱਠੀ ਹੋਈ ਹੈ।