ਚੰਡੀਗੜ੍ਹ: ਐਨੀਮੇਟਿਡ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤਾਂ ਤੋਂ ਬਾਅਦ ਸਿੱਖ ਜਥੇਬੰਦੀਆਂ ਸੜਕਾਂ 'ਤੇ ਵੀ ਆ ਗਈ ਗਈਆਂ ਹਨ। ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਚੱਲ ਰਹੀ ਹੈ। ਅੱਜ ਪੰਜਾਬੀ ਯੂਨੀਵਰਸਿਟੀ ਦੇ ਗੇਟ ਉੱਪਰ ਵੀ ਫਿਲਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ।

ਉਧਰ, ਸ਼੍ਰੋਮਣੀ ਕਮੇਟੀ ਨੇ ਫ਼ਿਲਮ ਦੀ ਘੋਖ ਲਈ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ 29 ਮਈ ਨੂੰ ਸੱਦ ਲਈ ਹੈ। ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮ ਦੇ ਵਿਵਾਦ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਘੋਖ ਕਰਨ ਦੇ ਆਦੇਸ਼ ਦਿੱਤੇ ਸੀ। ਇਸ ਸਬੰਧੀ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਗਿਆ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਭੇਜਿਆ ਗਿਆ ਪੱਤਰ ਪ੍ਰਾਪਤ ਹੋ ਗਿਆ ਹੈ ਤੇ ਇਨ੍ਹਾਂ ਆਦੇਸ਼ਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਸਬੰਧਤ ਸਬ-ਕਮੇਟੀ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਆਦੇਸ਼ਾਂ ਮੁਤਾਬਕ ਸਬ-ਕਮੇਟੀ ਵੱਲੋਂ ਇਸ ਫਿਲਮ ਦੀ ਮੁਕੰਮਲ ਘੋਖ ਪੜਤਾਲ ਕੀਤੀ ਜਾਵੇਗੀ। ਸਬ-ਕਮੇਟੀ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਨੂੰ ਸੌਂਪੇਗੀ।

ਇਸ ਫਿਲਮ ਸਬੰਧੀ ਸ੍ਰੀ ਅਕਾਲ ਤਖਤ ’ਤੇ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਸ ਐਨੀਮੇਟਿਡ ਫਿਲਮ ਵਿੱਚ ਛੇਵੇਂ ਗੁਰੂ ਨੂੰ ਦਿਖਾਇਆ ਹੈ, ਜੋ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਉਹ ਉਨੀ ਦੇਰ ਫਿਲਮ ਰਿਲੀਜ਼ ਨਾ ਕਰਨ, ਜਦੋਂ ਤਕ ਇਸ ਦੀ ਘੋਖ ਰਿਪੋਰਟ ਨਹੀਂ ਆ ਜਾਂਦੀ।