ਚੰਡੀਗੜ੍ਹ: ਕੈਪਟਨ ਸਰਕਾਰ ਚਾਹੇ ਲੱਖ ਦਾਅਵੇ ਕਰ ਰਹੀ ਹੈ ਪਰ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੇਸ਼ੱਕ ਸੂਬੇ ਵਿੱਚ ਕੋਰੋਨਾ ਕੇਸਾਂ ਦਾ ਗ੍ਰਾਫ ਬਾਕੀ ਦੇਸ਼ ਦੀ ਤੁਲਣਾ ਵਿੱਚ ਕਾਫੀ ਹੇਠਾਂ ਹੈ ਪਰ ਮੌਤਾਂ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹੀ ਹੈ ਕਿ ਅਜੇ ਤੱਕ ਮੌਤਾਂ ਦੀ ਵਧਦੀ ਦਰ ਨੂੰ ਬ੍ਰੇਕ ਨਹੀਂ ਲੱਗ ਸਕੀ।


ਦੱਸ ਦਈਏ ਕਿ ਪੰਜਾਬ ਵਿੱਚ ਮੌਤ ਦਰ ਕੌਮੀ ਔਸਤ ਨਾਲੋਂ ਤਾਂ ਜ਼ਿਆਦਾ ਹੈ ਹੀ ਸਗੋਂ ਗੁਆਂਢੀ ਸੂਬਿਆਂ ਨਾਲੋਂ ਵੀ ਵਧੇਰੇ ਮੌਤਾਂ ਹੋ ਰਹੀਆਂ ਹਨ। ਸੌਮਵਾਰ ਸੂਬੇ ਵਿੱਚ 20 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਤੇ 988 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ 604 ਵਿਅਕਤੀ ਇਸ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ ਜਦਕਿ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 24,889 ਤੱਕ ਅੱਪੜ ਗਈ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕਰੋਨਾ ਦੀ ਮਾਰ ਹੇਠ ਆਏ 95 ਫ਼ੀਸਦੀ ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਮੌਤ ਹੋਈ ਹੈ ਜਿਹੜੇ ਪਹਿਲਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ। ਅਧਿਕਾਰੀਆਂ ਮੁਤਾਬਕ ਪੰਜਾਬ ਵਿੱਚ ਮੌਤ ਦਰ 2.45, ਜੰਮੂ ਕਸ਼ਮੀਰ ’ਚ 1.88, ਚੰਡੀਗੜ੍ਹ ’ਚ 1.68, ਹਰਿਆਣਾ ’ਚ 1.36 ਤੇ ਹਿਮਾਚਲ ਪ੍ਰਦੇਸ਼ ’ਚ 0.42 ਫ਼ੀਸਦੀ ਹੈ।