Corona in Punjab: ਪੰਜਾਬ 'ਚ ਕੋਰੋਨਾ ਮੁੜ ਰਫਤਾਰ ਫੜ ਰਿਹਾ ਹੈ। ਵੀਰਵਾਰ ਨੂੰ 24 ਘੰਟਿਆਂ ਦੌਰਾਨ 3 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਗਈ, ਜਦਕਿ 554 ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਲਾਗ ਦਰ 4.09 ਫੀਸਦੀ ਦਰਜ ਕੀਤੀ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ, ਹੁਸ਼ਿਆਰਪੁਰ, ਪਠਾਨਕੋਟ ਤੇ ਰੋਪੜ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ।
ਸਿਹਤ ਵਿਭਾਗ ਅਨੁਸਾਰ ਮੁਹਾਲੀ ਵਿੱਚ 143, ਜਲੰਧਰ ਵਿੱਚ 69, ਲੁਧਿਆਣਾ ਵਿੱਚ 50, ਹੁਸ਼ਿਆਰਪੁਰ ਵਿੱਚ 47, ਬਠਿੰਡਾ ਵਿੱਚ 37, ਪਟਿਆਲਾ ਵਿੱਚ 36, ਰੋਪੜ ਵਿੱਚ 31, ਐਸਬੀਐਸ ਨਗਰ ਵਿੱਚ 28, ਅੰਮ੍ਰਿਤਸਰ ਵਿੱਚ 20, ਕਪੂਰਥਲਾ ਵਿੱਚ 15, ਫਰੀਦਕੋਟ ਵਿੱਚ 12, ਫਤਿਹਗੜ੍ਹ ਸਾਹਿਬ ਤੇ ਮੋਗਾ ਵਿੱਚ 11 -11, ਬਰਨਾਲਾ ਵਿੱਚ 8, ਚਾਰ ਜ਼ਿਲ੍ਹਿਆਂ ਵਿੱਚ 6-6, ਦੋ ਜ਼ਿਲ੍ਹਿਆਂ ਵਿੱਚ 4-4, ਮਾਨਸਾ ਵਿੱਚ 3 ਤੇ ਤਰਨ ਤਾਰਨ ਵਿੱਚ ਇੱਕ ਨਵਾਂ ਮਰੀਜ਼ ਸਾਹਮਣੇ ਆਇਆ ਹੈ।
ਉਂਝ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ ਵੀ ਪੰਜਾਬ ਸਰਕਾਰ ਸਖ਼ਤੀ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ। ਵੀਰਵਾਰ ਨੂੰ ਮੁੱਖ ਮੰਤਰੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਸਿਹਤ ਵਿਭਾਗ ਦੀ ਸਮੀਖਿਆ ਮੀਟਿੰਗ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਵਿਭਾਗ ਨੂੰ ਮਹਾਮਾਰੀ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਤੁਰੰਤ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਆਖਿਆ ਹੈ।
ਉਨ੍ਹਾਂ ਇਸ ਮਹਾਮਾਰੀ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਵਿਭਾਗ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਮਲੇਰੀਆ ਤੇ ਡੇਂਗੂ ਵਰਗੀਆਂ ਬਰਸਾਤੀ ਮੌਸਮ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਵਿਭਾਗ ਨੂੰ ਇਨ੍ਹਾਂ ਬਿਮਾਰੀਆਂ ਨਾਲ ਸਿੱਝਣ ਲਈ ਢੁਕਵੀਂ ਮਾਤਰਾ ਵਿੱਚ ਦਵਾਈਆਂ ਤੇ ਹੋਰ ਸਾਜ਼ੋ-ਸਾਮਾਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ।