ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ 18ਵੀਂ ਮੌਤ ਹੋ ਚੁੱਕੀ ਹੈ। ਕੋਰੋਨਾ ਮੁਕਤ ਹੋ ਚੁੱਕੇ ਨਵਾਂਸ਼ਹਿਰ ਵਿੱਚ ਮੁੜ ਤੋਂ ਇੱਕ COVID-19 ਦਾ ਮਰੀਜ਼ ਪੌਜ਼ੇਟਿਵ ਪਾਇਆ ਗਿਆ ਹੈ। ਇਹ ਨੌਜਵਾਨ ਜੰਮੂ-ਕਸ਼ਮੀਰ ਤੋਂ ਸਬਜ਼ੀ ਦਾ ਟਰੱਕ ਲੈ ਕੇ ਬਲਾਚੌਰ ਪਰਤਿਆ ਸੀ। ਸ਼ਨੀਵਾਰ ਤੱਕ ਜਲੰਧਰ ਤੇ ਪਟਿਆਲਾ ਵਿੱਚ ਛੇ-ਛੇ, ਲੁਧਿਆਣਾ ਤੇ ਪਠਾਨਕੋਟ ਵਿੱਚ ਇੱਕ-ਇੱਕ ਨਵਾਂ ਮਾਮਲਾ ਸਾਹਮਣੇ ਆ ਚੁੱਕਿਆ ਹੈ। ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਪੰਜਾਬ ਵਿੱਚ ਪਹਿਲੇ 100 ਮਰੀਜ਼ ਕੁੱਲ 31 ਦਿਨਾਂ ਵਿੱਚ ਪਛਾਣੇ ਗਏ ਸਨ ਤੇ ਪਿਛਲੇ 17 ਦਿਨਾਂ ਵਿੱਚ 213 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ 313 ਕੋਰੋਨਾ ਪੌਜ਼ਿਟਿਵ ਵਿੱਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਜ਼ਿਲ੍ਹੇ ਵਿੱਚ ਹਨ। ਦੂਜਾ ਨੰਬਰ ਮੁਹਾਲੀ (63) ਤੇ ਫਿਰ ਪਟਿਆਲਾ (61) ਆਉਂਦਾ ਹੈ। ਪਟਿਆਲਾ ਜ਼ਿਲ੍ਹੇ ਦੇ 61 ਮਰੀਜ਼ਾਂ ਵਿੱਚੋਂ 42 ਜਣੇ ਤਾਂ ਰਾਜਪੁਰਾ ਦੇ ਹੀ ਪੀੜਤ ਪਾਏ ਗਏ ਹਨ।
ਇੱਥੇ 16 ਅਪ੍ਰੈਲ ਨੂੰ ਕੋਰੋਨਾ ਪੌਜ਼ਿਟਿਵ ਆਈ ਔਰਤ ਤੋਂ 42 ਲੋਕਾਂ ਨੂੰ ਲਾਗ ਲੱਗੀ ਹੈ। ਰਾਜਪੁਰਾ ਸੂਬੇ ਦਾ ਪਹਿਲਾ ਇਲਾਕਾ ਹੈ ਜਿੱਥੇ 10 ਦਿਨਾਂ ਵਿੱਚ ਇੱਕ ਔਰਤ ਨੇ ਇੰਨੀ ਲੰਮੀ ਇਨਫੈਕਟਿਵ ਚੇਨ ਬਣਾਈ ਹੋਵੇ। ਇਸ ਤੋਂ ਪਹਿਲਾਂ ਮੁਹਾਲੀ ਦੇ ਪਿੰਡ ਜਵਾਹਰਪੁਰ ਵਿੱਚ ਇੱਕੋ ਵਿਅਕਤੀ ਤੋਂ 38 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਲੌਕਡਾਊਨ ਤੇ ਕਰਫਿਊ ਲਾਇਆ ਹੋਇਆ ਹੈ। ਪੁਲਿਸ ਵੀ ਕਾਫੀ ਮੁਸਤੈਦ ਹੈ। ਇਸ ਦੌਰਾਨ ਵੀ ਇੰਨੇ ਮਾਮਲੇ ਵਧੇ ਹਨ। ਕਣਕ ਦੀ ਵਾਢੀ ਦੇ ਸੀਜ਼ਨ ਵਿੱਚ ਕਿਸਾਨ ਤਾਂ ਖੱਜਲ ਖੁਆਰ ਹੋ ਹੀ ਰਿਹਾ ਹੈ ਹੁਣ ਤਾਂ ਲੌਕਡਾਊਨ ਤੋਂ ਆਮ ਲੋਕ ਵੀ ਪ੍ਰੇਸ਼ਾਨ ਹੋਣ ਲੱਗੇ ਹਨ।
ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪੰਜਾਬ ਵਿੱਚ ਸਭ ਕੁਝ ਠੱਪ ਹੈ। ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਚੀਆਂ ਥਾਵਾਂ ਨੂੰ ਸ਼ਰਤਾਂ ਸਹਿਤ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਪੰਜਾਬੀ ਇਸ ਦਾ ਲਾਹਾ ਵੀ ਨਹੀਂ ਲੈ ਸਕਦੇ। ਅਜਿਹੇ ਵਿੱਚ ਕੋਰੋਨਾ ਮਾਮਲਿਆਂ ਵਿੱਚ ਆਇਆ ਉਛਾਲ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।
ਪੰਜਾਬ ਲਈ ਖ਼ਤਰੇ ਦਾ ਘੁੱਗੂ: ਪਹਿਲੇ ਮਹੀਨੇ ਆਏ ਕੋਰੋਨਾ ਦੇ 100 ਕੇਸ, ਹੁਣ ਢਾਈ ਹਫ਼ਤਿਆਂ 'ਚ ਹੀ 213 ਬਿਮਾਰ
ਏਬੀਪੀ ਸਾਂਝਾ
Updated at:
26 Apr 2020 11:00 AM (IST)
ਕੁੱਲ 313 ਕੋਰੋਨਾ ਪੌਜ਼ਿਟਿਵ ਵਿੱਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਜ਼ਿਲ੍ਹੇ ਵਿੱਚ ਹਨ। ਦੂਜਾ ਨੰਬਰ ਮੁਹਾਲੀ (63) ਤੇ ਫਿਰ ਪਟਿਆਲਾ (61) ਆਉਂਦਾ ਹੈ। ਪਟਿਆਲਾ ਜ਼ਿਲ੍ਹੇ ਦੇ 61 ਮਰੀਜ਼ਾਂ ਵਿੱਚੋਂ 42 ਜਣੇ ਤਾਂ ਰਾਜਪੁਰਾ ਦੇ ਹੀ ਪੀੜਤ ਪਾਏ ਗਏ ਹਨ।
- - - - - - - - - Advertisement - - - - - - - - -