ਅੰਮ੍ਰਿਤਸਰ: ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ 'ਤੇ ਬੀਤੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਇਟਲੀ ਦੇ ਰੋਮ ਤੋਂ ਆਈਆਂ ਦੋ ਫਲਾਈਟਾਂ '298 ਮੁਸਾਫਰਾਂ (125 ਤੇ 173 ਕ੍ਰਮਵਾਰ) ਦੇ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਸ਼ੱਕ ਦੇ ਘੇਰੇ 'ਚ ਆਈ ਕੋਰੋਨਾ ਦੀ ਜਾਂਚ ਕਰਨ ਵਾਲੀ ਲੈਬ ਖਿਲਾਫ ਕਾਰਵਾਈ ਹੋਣੀ ਤੈਅ ਮੰਨੀ ਜਾ ਰਹੀ ਹੈ। ਲੈਬ ਵੱਲੋਂ ਪੌਜੇਟਿਵ ਕਰਾਰ ਦਿੱਤੇ ਗਏ ਮੁਸਾਫਰਾਂ ਦੇ ਕੀਤੇ ਮੁੜ ਕੋਰੋਨਾ ਟੈਸਟਾਂ '95 ਫੀਸਦੀ ਮੁਸਾਫਰ ਕੋਰੋਨਾ ਨੈਗੇਟਿਵ ਪਾਏ ਜਾ ਰਹੇ ਹਨ।


ਜਦਕਿ ਇਸ ਤੋਂ ਪਹਿਲਾਂ ਸਿਹਤ ਵਿਭਾਗ ਸ਼ਨੀਵਾਰ ਹੀ ਏਅਰਪੋਰਟ ਤੋਂ ਕੋਰੋਨਾ ਦੀ ਜਾਂਚ ਕਰਨ ਵਾਲੀ ਨਿੱਜੀ ਲੈਬ ਨੂੰ ਬਦਲ ਦਿੱਤਾ ਸੀ ਤੇ ਟੈਸਟਿੰਗ ਦੀ ਜਿੰਮੇਵਾਰੀ ਕਿਸੇ ਦੂਸਰੀ ਨਿੱਜੀ ਲੈਬ ਨੂੰ ਦੇ ਦਿੱਤੀ ਸੀ। ਇਸ ਬਾਰੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 30 ਮੁਸਾਫਰਾਂ ਦੇ ਕੋਰੋਨਾ ਟੈਸਟ ਦੁਬਾਰਾ ਕੀਤੇ ਗਏ ਜਿਨ੍ਹਾਂ 'ਚੋਂ ਸਿਰਫ 3 ਹੀ ਕੋਰੋਨਾ ਪੌਜੇਟਿਵ ਨਿਕਲੇ ਹਨ।


ਉਨ੍ਹਾਂ ਕਿਹਾ ਕਿ ਇਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ, ਜਦਕਿ ਇਸ ਤਰ੍ਹਾਂ ਬਾਕੀ ਜ਼ਿਲ੍ਹਿਆਂ 'ਚ ਮੁਸਾਫਰਾਂ ਦੀ ਟੈਸਟਿੰਗ ਹੋ ਗਈ ਹੈ ਤੇ ਉਨ੍ਹਾਂ ਦੀ ਰਿਪੋਰਟ ਹੀ ਸਰਕਾਰ ਨੂੰ ਭੇਜੀ ਜਾ ਰਹੀ ਹੈ। ਡਾ. ਚਰਨਜੀਤ ਨੇ ਦੱਸਿਆ ਕਿ ਲੈਬ ਦੇ ਮਾਮਲੇ ਦੀ ਸਾਰੀ ਜਾਂਚ ਤੋਂ ਬਾਅਦ ਕਾਰਵਾਈ ਦਾ ਫੈਸਲਾ ਸਰਕਾਰ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੈਸੇ ਸਾਰੇ (ਭਾਵੇਂ ਨੈਗੇਟਿਵ) ਹੀ ਮੁਸਾਫਰਾਂ ਨੂੰ ਸੱਤ ਦਿਨਾਂ ਤਕ ਹੋਮ ਕੁਆਰਨਟਾਈਨ ਰਹਿਣ ਦੀ ਸਲਾਹ ਦਿੱਤੀ ਗਈ ਹੈ।


ਡਾ. ਚਰਨਜੀਤ ਨੇ ਇਹ ਵੀ ਦੱਸਿਆ ਕਿ ਏਅਰਪੋਰਟ 'ਤੇ ਕੋਰੋਨਾ ਜਾਂਚ ਲਈ ਆਰਟੀਪੀਸੀਆਰ ਟੈਸਟਿੰਗ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਏਅਰਪੋਰਟ ਅਥਾਰਟੀ ਵੱਲੋਂ ਟੈਸਟਿੰਗ ਟੈਂਡਰਿੰਗ ਕਰਕੇ ਨਿੱਜੀ ਕੰਪਨੀ ਦੀ ਲੈਬ ਨੂੰ ਜਿੰਮੇਵਾਰੀ ਦਿੱਤੀ ਗਈ ਸੀ।



ਇਹ ਵੀ ਪੜ੍ਹੋ: Punjab Election: ਵਿਧਾਨ ਸਭਾ ਚੋਣਾਂ ਲਈ ਕੈਪਟਨ ਦਾ ਐਕਸ਼ਨ, ਪੰਜਾਬ ਲੋਕ ਕਾਂਗਰਸ 'ਚ ਵੱਡੇ ਪੱਧਰ 'ਤੇ ਨਿਯੁਕਤੀਆਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904